ਅੰਮਿ੍ਤਸਰ, 28 ਫਰਵਰੀ (ਰੇਸ਼ਮ ਸਿੰਘ)-ਸਰਹੱਦ ਪਾਰ ਤੋਂ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ 3 ਗਰੋਹਾਂ ਦਾ ਪਰਦਾਫਾਸ਼ ਕਰਦਿਆਂ ਅੰਮਿ੍ਤਸਰ ਕਮਿਸ਼ਨਰੇਟ ਪੁਲਿਸ ਨੇ ਕੁੱਲ 10 ਤਸਕਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋਂ 5.4 ਕਿੱਲੋਗ੍ਰਾਮ ਹੈਰੋਇਨ, ਤਿੰਨ ਆਧੁਨਿਕ ਪਿਸਤੌਲ ਸਣੇ 34 ਜਿੰਦਾ ਕਾਰਤੂਸ ਅਤੇ 8500 ਰੁਪਏ ਦੀ 'ਡਰੱਗ ਮਨੀ' ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਇਹ ਪ੍ਰਗਟਾਵਾ ਇਥੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਰਦਿਆਂ ਦਸਿਆ ਕਿ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਬਿੱਲਾ (21) ਵਾਸੀ ਗੁਰੂ ਕੀ ਵਡਾਲੀ, ਲਵਪ੍ਰੀਤ ਸਿੰਘ ਉਰਫ਼ ਲਵ (25) ਵਾਸੀ ਪਿੰਡ ਬੋਪਾਰਾਏ ਬਾਜ ਸਿੰਘ, ਸਤਨਾਮ ਸਿੰਘ ਉਰਫ਼ ਜੱਜ (28) ਵਾਸੀ ਪਿੰਡ ਸੁਰਸਿੰਘ (ਤਰਨ ਤਾਰਨ), ਰੋਹਿਤ ਸ਼ਰਮਾ ਉਰਫ਼ ਡਾਕੂ (21) ਵਾਸੀ ਮੋਹਕਮਪੁਰਾ, ਗੁਰਲਾਲ ਸਿੰਘ ਉਰਫ਼ ਦੀਮਾ (38) ਵਾਸੀ ਪਿੰਡ ਮਸਤਗੜ੍ਹ (ਤਰਨ ਤਾਰਨ), ਮਨਪ੍ਰੀਤ ਸਿੰਘ ਉਰਫ਼ ਮੰਨਾ (30), ਗੁਰਪ੍ਰੀਤ ਸਿੰਘ ਉਰਫ਼ ਗੋਪੀ (24), ਸ਼ੰਕਰ ਕੁਮਾਰ (53), ਅਨੀਸ਼ ਉਰਫ਼ ਯੱਕੀ (23) ਅਤੇ ਰਵੀ ਉਰਫ਼ ਗੰਜਾ ਉਰਫ਼ ਟਕਲਾ (30) ਸਾਰੇ ਵਾਸੀ ਪੱਟੀ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ | ਬਰਾਮਦ ਕੀਤੇ ਗਏ ਹਥਿਆਰਾਂ ਵਿਚ ਇਕ 9 ਐਮ.ਐਮ. ਗਲੌਕ, ਇਕ 9 ਐਮ.ਐਮ. ਜ਼ਿਗਾਨਾ ਅਤੇ ਇਕ .32 ਬੋਰ ਪਿਸਤੌਲ ਸਮੇਤ 34 ਜਿੰਦਾ ਕਾਰਤੂਸ ਸ਼ਾਮਿਲ ਹਨ | ਪੁਲਿਸ ਟੀਮਾਂ ਨੇ ਉਨ੍ਹਾਂ ਦਾ ਇਕ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ | ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਸਥਿਤ ਤਸਕਰਾਂ ਦੇ ਸੰਪਰਕ ਵਿਚ ਸਨ | ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਪੁਲਿਸ ਟੀਮਾਂ ਨੇ ਗੁਰਪ੍ਰੀਤ ਉਰਫ਼ ਬਿੱਲਾ ਨੂੰ 230 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ | ਹੋਰ ਜਾਂਚ ਦੌਰਾਨ ਉਸ ਦੇ ਸਾਥੀ ਲਵਪ੍ਰੀਤ ਉਰਫ਼ ਲਵ ਅਤੇ ਸਤਨਾਮ ਸਿੰਘ ਉਰਫ਼ ਜੱਜ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ 3 ਕਿੱਲੋ ਹੈਰੋਇਨ, ਇਕ 9 ਐਮ.ਐਮ ਜ਼ਿਗਾਨਾ ਅਤੇ 9 ਐਮ.ਐਮ. ਗਲੌਕ ਸਮੇਤ 32 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ | ਮੁਲਜ਼ਮ ਲਵਪ੍ਰੀਤ ਉਰਫ਼ ਲਵ ਅੰਮਿ੍ਤਸਰ ਦਿਹਾਤੀ ਦੇ ਥਾਣਾ ਲੋਪੋਕੇ ਵਿਖੇ ਦਰਜ ਇਕ ਕਤਲ ਕੇਸ ਵਿਚ ਵੀ ਲੋੜੀਂਦਾ ਹੈ | ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੁਲਿਸ ਟੀਮਾਂ ਨੇ ਮਨਪ੍ਰੀਤ ਉਰਫ਼ ਮੰਨਾ ਅਤੇ ਗੁਰਲਾਲ ਉਰਫ਼ ਦੀਮਾ ਨੂੰ ਗਿ੍ਫ਼ਤਾਰ ਕੀਤਾ ਅਤੇ 205 ਗ੍ਰਾਮ ਹੈਰੋਇਨ, 8500 ਰੁਪਏ ਦੀ 'ਡਰੱਗ ਮਨੀ' ਬਾਰਮਦ ਕੀਤੀ ਅਤੇ ਇੱਕ ਮੋਟਰਸਾਈਕਲ ਜ਼ਬਤ ਕੀਤਾ | ਉਨ੍ਹਾਂ ਦੱਸਿਆ ਕਿ ਹੋਰ ਜਾਂਚ ਉਪਰੰਤ ਗੁਰਪ੍ਰੀਤ ਉਰਫ਼ ਗੋਪੀ (ਜੇਲ੍ਹ ਵਿਚ ਬੰਦ), ਜੋ ਜੇਲ੍ਹ ਤੋਂ ਮਾਡਿਊਲ ਚਲਾ ਰਿਹਾ ਸੀ, ਦੀ ਕੇਸ ਵਿਚ ਨਾਮਜ਼ਦਗੀ ਅਤੇ ਰਸਮੀ ਗਿ੍ਫ਼ਤਾਰੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਉਸ ਦੇ ਖੁਲਾਸੇ 'ਤੇ, ਉਸ ਦੇ ਸਾਥੀ ਸ਼ੰਕਰ ਕੁਮਾਰ, ਅਨੀਸ਼ ਉਰਫ਼ ਯੱਕੀ ਅਤੇ ਰਵੀ ਉਰਫ਼ ਗੰਜਾ ਉਰਫ਼ ਟਕਲਾ ਨੂੰ ਗਿ੍ਫ਼ਤਾਰ ਕੀਤਾ ਗਿਆ | ਸ਼ੰਕਰ ਕੁਮਾਰ ਦੇ ਖੁਲਾਸੇ 'ਤੇ ਕਾਰਵਾਈ ਕਰਦਿਆਂ 2 ਕਿੱਲੋ 3 ਗ੍ਰਾਮ ਹੈਰੋਇਨ ਦੀ ਹੋਰ ਬਰਾਮਦਗੀ ਕੀਤੀ ਗਈ | ਭੁੱਲਰ ਨੇ ਦੱਸਿਆ ਕਿ ਗੈਰ-ਕਾਨੂੰਨੀ ਹਥਿਆਰਾਂ ਵਿਰੁੱਧ ਇਕ ਹੋਰ ਆਪਰੇਸ਼ਨ ਦੌਰਾਨ ਪੁਲਿਸ ਟੀਮਾਂ ਨੇ ਰੋਹਿਤ ਉਰਫ਼ ਡਾਕੂ ਨੂੰ ਇਕ .32 ਬੋਰ ਪਿਸਤੌਲ ਅਤੇ ਦੋ ਜਿੰਦਾ ਕਾਰਤੂਸਾਂ ਸਮੇਤ ਗਿ੍ਫ਼ਤਾਰ ਕੀਤਾ | ਇਸ ਸੰਬੰਧੀ ਤਿੰਨ ਵੱਖ-ਵੱਖ ਮਾਮਲੇ ਛਾਉਣੀ, ਮੋਹਕਮਪੁਰਾ ਤੇ ਇਸਲਾਮਾਬਾਦ ਵਿਖੇ ਦਰਜ ਕੀਤੇ ਗਏ ਹਨ | ਇਸ ਮੌਕੇ ਡੀ.ਸੀ.ਪੀ. ਰਵਿੰਦਰ ਸਿੰਘ, ਏ.ਡੀ.ਸੀ.ਪੀ. ਜੇ.ਐੱਸ. ਸੰਧੂ, ਇੰਸ. ਅਮੋਲਕਦੀਪ ਸਿੰਘ ਇੰਚਾਰਜ਼ ਸੀ. ਆਈ.ਏ. ਅਤੇ ਸਬ ਇੰਸ. ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |