ਕੋਲਕਾਤਾ, 1 ਮਾਰਚ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਤਕਰੀਬਨ ਚਾਰ ਮਹੀਨੇ ਲੰਬੀ ਜੱਦੋਜਹਿਦ ਤੋਂ ਬਾਅਦ ਵਿਸ਼ੇਸ ਵਿਆਪਕ ਮੁੜ ਨਿਰੀਖਣ (ਐਸ.ਆਈ.ਆਰ.) ਦੀ ਅੰਤਿਮ ਵੋਟਰ ਸੂਚੀ ਜਾਰੀ ਕਰ ਦਿੱਤੀ ਗਈ ਹੈ | ਇਸ ਦੇ ਨਾਲ ਹੀ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਇਸ ਤੋਂ ਬਾਅਦ ਹੁਣ ਮੁੱਖ ਮੰਤਰੀ ਮਮਤਾ ਬੈਨਰਜੀ ਦਾ 15 ਸਾਲ ਦਾ ਰਾਜ ਖਤਮ ਹੋਣ ਵਾਲਾ ਹੈ | ਰਾਜ ਦੀ 2025 ਦੀ ਵੋਟਰ ਸੂਚੀ 'ਚ 7.66 ਕਰੋੜ ਵੋਟਰ ਸਨ | ਚੋਣ ਕਮਿਸ਼ਨ ਵਲੋਂ ਐਸ.ਆਈ.ਆਰ. ਦੀ ਪ੍ਰਕਿਰਿਆ ਸ਼ੂਰੂ ਕਰਨ ਤੋਂ ਪਹਿਲਾਂ 58 ਲੱਖ ਵੋਟਰਾਂ ਦੇ ਨਾਂਅ ਵੋਟਰ ਸੂਚੀ 'ਚੋਂ ਕੱਟ ਦਿੱਤੇ ਸਨ | ਵੋਟਰ ਸੂਚੀ ਦੀ ਜਾਂਚ ਤੋਂ ਬਾਅਦ ਹੋਰ 5,46,053 ਵੋਟਰਾਂ ਦੇ ਨਾਂਅ ਕੱਟ ਦਿੱਤੇ ਗਏ | ਇਸ ਤਰ੍ਹਾਂ 63 ਲੱਖ ਤੋਂ ਵੱਧ ਵੋਟਰਾਂ ਦੇ ਨਾਂਅ ਵੋਟਰ ਸੂਚੀ 'ਚੋਂ ਬਾਹਰ ਚਲੇ ਗਏ | ਇਸ ਦੇ ਨਾਲ ਹੀ 60 ਲੱਖ ਤੋਂ ਵੱਧ ਵੋਟਰਾਂ ਦੇ ਨਾਂਅ ਵਿਚਾਰ ਅਧੀਨ ਰੱਖਦਿਆਂ 28 ਫਰਵਰੀ ਨੂੰ ਜਿਹੜੀ ਮੁਕੰਮਲ ਵੋਟਰ ਸੂਚੀ ਜਾਰੀ ਕੀਤੀ ਗਈ, ਉਸ ਵਿਚ 7 ਕਰੋੜ, 4 ਲੱਖ, 59 ਹਜ਼ਾਰ 284 ਵੋਟਰਾਂ ਦੇ ਨਾਂਅ ਵੋਟਰ ਸੂਚੀ 'ਚ ਰਹਿ ਗਏ | ਦੂਜੇ ਪਾਸੇ ਤਿ੍ਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੇ ਐਸ.ਆਈ.ਆਰ. ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ 'ਤੇ ਭਾਜਪਾ ਦੇ ਹੁਕਮਾਂ ਦੀ ਪਾਲਣਾ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਸੀਂ ਅੰਤਿਮ ਵੋਟਰ ਸੂਚੀ ਨੂੰ ਲੈ ਕੇ ਸੁਪਰੀਮ ਕੋਰਟ ਜਾਵਾਂਗੇ |