08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਵਿਧਾਨ ਸਭਾ ਚੋਣਾਂ 2027 'ਚ ਕਾਂਗਰਸ-'ਆਪ' ਸਮਝੌਤੇ ਦੀ ਚਰਚਾ ਵਿਚਾਲੇ ਬਾਜਵਾ ਦਾ ਵੱਡਾ ਦਾਅਵਾ <br/>

ਅਜੀਤ ਡੈਸਕ 03-03-2026
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 2 ਮਾਰਚ- ਪੰਜਾਬ ਵਿਚ ਸਿਆਸੀ ਫ਼ਿਜ਼ਾ ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਕਰੀਬ ਇਕ ਸਾਲ ਪਹਿਲਾਂ ਹੀ ਤੱਤੇ ਸਿਆਸੀ ਬੁੱਲੇ ਲਿਆਉਂਦੀਆਂ ਨਜ਼ਰ ਆ ਰਹੀਆਂ ਹਨ | ਪੰਜਾਬ ਵਿਚਲੀਆਂ ਸਾਰੀਆਂ ਸਿਆਸੀ ਪਾਰਟੀਆਂ ਜਿਸ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ, ਵਿਰੋਧੀ ਧਿਰ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਹੁਣੇ ਤੋਂ ਪੂਰੀ ਤਰ੍ਹਾਂ ਸਰਗਰਮ ਦਿਖਾਈ ਦੇ ਰਹੀਆਂ ਹਨ | ਜਿੱਥੇ ਇਕ ਪਾਸੇ ਸੂਬੇ 'ਚ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਝੌਤੇ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਚਰਚਾ ਨੇ ਜ਼ੋਰ ਫੜਿਆ ਹੋਇਆ ਹੈ, ਉੱਥੇ ਹੁਣ ਕਿਸੇ ਦੇ ਬਰਾਬਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਿਆਸੀ ਗੱਠਜੋੜ ਨੂੰ ਲੈ ਕੇ ਵੀ ਚਰਚਾ ਜ਼ੋਰ ਸ਼ੋਰ ਨਾਲ ਹੋ ਰਹੀ ਹੈ | ਹਾਲਾਂਕਿ ਇਨ੍ਹਾਂ ਚਰਚਾ ਨੂੰ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਅਤੇ ਨਾ ਹੀ ਕਾਂਗਰਸ ਦੇ ਕਿਸੇ ਆਗੂ ਨੇ ਕੋਈ ਪ੍ਰਤੀਕਿਰਿਆ ਦਿੱਤੀ ਸੀ, ਪਰ ਹੁਣ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਇਸ ਮੁੱਦੇ 'ਤੇ ਖੁੱਲ ਕੇ ਸਾਹਮਣੇ ਆ ਗਏ ਹਨ | ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿੰਨੀ ਮਰਜ਼ੀ ਵੱਡੀ ਸਿਆਸੀ ਮਜਬੂਰੀ ਕਿਉਂ ਨਾ ਆ ਜਾਵੇ, ਆਮ ਆਦਮੀ ਪਾਰਟੀ ਨਾਲ ਪੰਜਾਬ ਵਿਚ ਕਾਂਗਰਸ ਦਾ ਕਿਸੇ ਕਿਸਮ ਦਾ ਸਮਝੌਤਾ ਕਦੇ ਵੀ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਕਾਂਗਰਸ ਆਪਣੇ ਦਮ 'ਤੇ ਇਕੱਲਿਆਂ ਚੋਣਾਂ ਲੜ ਕੇ ਸਰਕਾਰ ਬਣਾਏਗੀ | ਕੁੱਝ ਸੀਟਾਂ ਘੱਟ ਜਾਣ ਦੀ ਸੂਰਤ ਵਿਚ ਸਮਝੌਤੇ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਸੱਤਾ ਤੋਂ ਬਾਹਰ ਬੈਠਣਾ ਮਨਜ਼ੂਰ ਹੋਵੇਗਾ, ਪਰ ਇਸ ਪਾਰਟੀ ਨਾਲ ਕਿਸੇ ਕੀਮਤ 'ਤੇ ਸਮਝੌਤਾ ਨਹੀਂ ਹੋਣ ਦਿੱਤਾ ਜਾਵੇਗਾ | ਜਦੋਂ ਬਾਜਵਾ ਨੂੰ ਪੁੱਛਿਆ ਗਿਆ ਕਿ ਜੇਕਰ ਸਮਝੌਤੇ ਨੂੰ ਲੈ ਕੇ ਸੀਨੀਅਰ ਲੀਡਰਸ਼ਿਪ ਨੇ ਹਾਂ ਕਰ ਦਿੱਤੀ ਤਾਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਮੇਰੇ ਤੋਂ ਸੀਨੀਅਰ ਲੀਡਰ ਕਿਹੜਾ ਹੈ? ਤੇ ਹਾਈ ਕਮਾਨ ਪੰਜਾਬ ਦੀ ਲੀਡਰਸ਼ਿਪ ਨੂੰ ਬਿਨ੍ਹਾਂ ਪੁੱਛੇ ਕੋਈ ਵੀ ਫ਼ੈਸਲਾ ਨਹੀਂ ਲਵੇਗੀ | ਜ਼ਿਕਰਯੋਗ ਹੈ ਕਿ ਜਿੱਥੇ ਪਿਛਲੇ ਕਈ ਦਿਨਾਂ ਤੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਮਝੌਤੇ ਦੀਆਂ ਚਰਚਾ ਚੱਲ ਰਹੀਆਂ ਹਨ, ਉੱਥੇ ਇਸ ਚਰਚਾ ਨੂੰ ਹੋਰ ਹਵਾ ਉਦੋਂ ਮਿਲੀ ਜਦੋਂ ਕਾਂਗਰਸ ਦੇ ਯੁਵਰਾਜ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪਿਛਲੇ ਦਿਨੀਂ ਪੰਜਾਬ 'ਚ ਰੈਲੀ ਦੌਰਾਨ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਨੂੰ ਲੈ ਕੇ ਇਕ ਸ਼ਬਦ ਨਹੀਂ ਬੋਲਿਆ | ਇਸ ਮਸਲੇ ਨੂੰ ਲੈ ਕੇ ਵੀ ਪ੍ਰਤਾਪ ਸਿੰਘ ਬਾਜਵਾ ਨੇ ਇਹ ਕਿਹਾ ਸੀ ਕਿ ਰਾਹੁਲ ਗਾਂਧੀ ਆਮ ਆਦਮੀ ਪਾਰਟੀ ਬਾਰੇ ਇਸ ਲਈ ਨਹੀਂ ਬੋਲੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਪੰਜਾਬ ਵਿਚ ਉਨ੍ਹਾਂ ਦੇ ਜਰਨੈਲ ਇਸ ਪਾਰਟੀ ਨੂੰ ਸੰਭਾਲ ਲੈਣਗੇ, ਜਦਕਿ ਉਹ ਕੇਂਦਰ ਦੀ ਸੱਤਾ ਵਿਚ ਬੈਠੀ ਭਾਜਪਾ ਖ਼ਿਲਾਫ਼ ਮੋਰਚਾ ਲੈ ਕੇ ਅੱਗੇ ਵੱਧ ਰਹੇ ਹਨ |

ਪਿਛਲੀ ਖ਼ਬਰ ਕੇਂਦਰ ਸਰਕਾਰ ਦੀ ਮਦਦ ਨਾਲ ਪ੍ਰਭਾਵਿਤ ਲੋਕਾਂ ਦੀ ਸੁਰੱਖਿਅਤ ਵਾਪਸੀ ਲਈ ਯਤਨ ਜਾਰੀ-ਜਾਖੜ <br/> ਅਗਲੀ ਖ਼ਬਰ ਬੁੱਢਾ ਦਲ ਵਲੋਂ ਇੰਟਰਨੈਸ਼ਨਲ ਗਤਕਾ ਮੁਕਾਬਲੇ ਆਰੰਭ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।