ਬੀਣੇਵਾਲ, 29 ਮਾਰਚ (ਬੈਜ ਚੌਧਰੀ)-ਲੱਖਾਂ ਰੁਪਏ ਖ਼ਰਚ ਕਰਕੇ ਵਿਦੇਸ਼ ਭੇਜੀ ਪਤਨੀ ਵਲੋਂ ਤਲਾਕ ਮੰਗਣ 'ਤੇ ਨੌਜਵਾਨ ਨੇ ਘਰ ਵਿਚ ਹੀ ਪੱਖੇ ਨਾਲ ਫਾਹਾ ਲੈ ਲਿਆ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮਿ੍ਤਕ ਨੌਜਵਾਨ ਅਮਰਜੀਤ ਸਿੰਘ (25) ਦੇ ਪਿਤਾ ਕਿਸ਼ਨ ਸਿੰਘ ਪੁੱਤਰ ਕਰਤਾਰ ਸਿੰਘ ਪਿੰਡ ਗੱਦੀਵਾਲ ਬੀਤ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਮੈਂ ਆਪਣੇ ਪੁੱਤਰ ਅਮਰਜੀਤ ਸਿੰਘ ਦਾ ਵਿਆਹ 24 ਜਨਵਰੀ 2024 ਨੂੰ ਕੁਲਵਿੰਦਰ ਕੌਰ ਪੁੱਤਰੀ ਅਮਰਜੀਤ ਸਿੰਘ ਨਿਵਾਸੀ ਪਿੰਡ ਗੌਂਦਪੁਰ ਜੈ ਚੰਦ, ਥਾਣਾ ਟਾਹਲੀਵਾਲ ਜ਼ਿਲ੍ਹਾ ਊਨਾ ਨਾਲ ਕੀਤਾ ਸੀ | ਮੇਰੇ ਲੜਕੇ ਨੇ ਵਿਆਹ ਤੋਂ ਬਾਅਦ ਚੰਗੇ ਭਵਿੱਖ ਲਈ ਆਪਣੀ ਪਤਨੀ ਕੁਲਵਿੰਦਰ ਕੌਰ ਨੂੰ 15 ਲੱਖ ਰੁਪਏ ਖ਼ਰਚ ਕਰਕੇ ਸਟੱਡੀ ਵੀਜ਼ੇ 'ਤੇ ਕੈਨੇਡਾ ਭੇਜ ਦਿੱਤਾ | ਇਸ ਤੋਂ ਬਾਅਦ ਵੀ ਪੜ੍ਹਾਈ ਅਤੇ ਖਰਚੇ ਲਈ ਲੱਖਾਂ ਰੁਪਏ ਭੇਜੇ ਸਨ | ਕੁਲਵਿੰਦਰ ਕੌਰ ਨੇ 26 ਦਸੰਬਰ 2024 ਨੂੰ ਕੈਨੇਡਾ ਵਿਚ ਇੱਕ ਬੇਟੀ ਏਕਨੂਰ ਨੂੰ ਜਨਮ ਦਿੱਤਾ ਤੇ ਬਾਅਦ 'ਚ ਉਹ ਭਾਰਤ ਵੀ ਆਈ ਸੀ | 16 ਦਸੰਬਰ 2025 ਨੂੰ ਕੁਲਵਿੰਦਰ ਕੌਰ ਨੇ ਮੇਰੇ ਲੜਕੇ ਅਮਰਜੀਤ ਸਿੰਘ ਨੂੰ ਫ਼ੋਨ ਕਰਕੇ ਕਿਹਾ ਕਿ ਮੈਂ ਤੇਰਾ ਕੈਨੇਡਾ ਦਾ ਕੰਮ ਨਹੀਂ ਬਣਾਉਣਾ ਅਤੇ ਮੈਨੂੰ ਤਲਾਕ ਚਾਹੀਦਾ ਹੈ | ਜਿਸ ਤੋਂ ਪ੍ਰੇਸ਼ਾਨ ਹੋ ਕੇ ਅਮਰਜੀਤ ਨੇ ਫਾਹਾ ਲਗਾ ਲਿਆ | ਕਿਸ਼ਨ ਸਿੰਘ ਦੇ ਬਿਆਨਾਂ 'ਤੇ ਗੜ੍ਹਸ਼ੰਕਰ ਪੁਲਿਸ ਨੇ ਮਿ੍ਤਕ ਦੀ ਸੱਸ ਕੁਲਜੀਤ ਕੌਰ, ਸਾਲਾ ਲਖਵਿੰਦਰ ਸਿੰਘ ਨਿਵਾਸੀ ਗੋਂਦ ਪੁਰ ਜੈ ਚੰਦ ਥਾਣਾ ਟਾਹਲੀ ਵਾਲ, ਸੁਰਿੰਦਰ ਸਿੰਘ ਨਿਵਾਸੀ ਗੜ੍ਹੀ ਮੱਟੋਂ ਥਾਣਾ ਗੜ੍ਹਸ਼ੰਕਰ ਅਤੇ ਕੁਲਵਿੰਦਰ ਕੌਰ ਦੇ ਵਿਰੁੱਧ ਧਾਰਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |