ਅੰਮਿ੍ਤਸਰ, 30 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰੱਖਿਆ ਮੰਤਰਾਲੇ ਅਧੀਨ ਆਉਂਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫ. ਆਈ. ਏ.) ਦੇ ਡਾਇਰੈਕਟਰ ਜਨਰਲ ਵਲੋਂ ਜਾਰੀ ਕੀਤੀ ਰੈੱਡ ਬੁੱਕ (ਖ਼ੁਫ਼ੀਆ ਜਾਣਕਾਰੀਆਂ ਵਾਲਾ ਕਿਤਾਬਚਾ) 'ਚ ਮਨੁੱਖੀ ਤਸਕਰੀ 'ਚ ਸ਼ਾਮਿਲ ਪਾਕਿ ਦੇ ਕੁੱਲ 156 ਲੋੜੀਂਦੇ ਤਸਕਰਾਂ ਦੀ ਸੂਚੀ ਉਨ੍ਹਾਂ ਦੀਆਂ ਤਸਵੀਰਾਂ ਅਤੇ ਮੁਕੰਮਲ ਵੇਰਵਿਆਂ ਸਮੇਤ ਪ੍ਰਕਾਸ਼ਿਤ ਕੀਤੀ ਗਈ ਹੈ | ਹਾਲਾਂਕਿ, ਪਾਕਿ 'ਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਸਕਰਾਂ ਦੀ ਗਿਣਤੀ 6000 ਤੋਂ ਵੀ ਵਧੇਰੇ ਹੈ | 'ਰੈੱਡ ਬੁੱਕ' ਮੁਤਾਬਿਕ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਸਮੇਤ ਅਗਵਾ ਦੇ ਮਾਮਲਿਆਂ 'ਚ ਤਿੰਨ ਦਰਜਨ ਤੋਂ ਵਧੇਰੇ ਪਾਕਿਸਤਾਨੀ ਔਰਤਾਂ ਵੀ ਸ਼ਾਮਿਲ ਹਨ | ਸਰਹੱਦ ਪਾਰ ਦੇ ਸੂਤਰਾਂ ਦੀ ਮਾਰਫ਼ਤ 'ਅਜੀਤ' ਨੂੰ ਮਿਲੀ ਇਸ ਰੈੱਡ ਬੁੱਕ ਮੁਤਾਬਕ ਮੌਜੂਦਾ ਸਮੇਂ ਮਨੁੱਖੀ ਤਸਕਰੀ 'ਚ ਸ਼ਾਮਿਲ ਤਸਕਰਾਂ 'ਚੋਂ ਲਾਹੌਰ 'ਚ 20, ਗੁੱਜਰਾਂਵਾਲਾ 71, ਫ਼ੈਸਲਾਬਾਦ 11, ਸਰਗੋਧਾ 1, ਮੁਲਤਾਨ 3, ਬਹਾਵਲਪੁਰ 1, ਡੇਰਾ ਗ਼ਾਜ਼ੀ ਖ਼ਾਨ 1, ਇਸਲਾਮਾਬਾਦ 34, ਕਰਾਚੀ 12, ਬਲੋਚਿਸਤਾਨ 2 ਅਤੇ ਸੂਬਾ ਖ਼ੈਬਰ ਪਖਤੂਨਖਵਾ 'ਚ 2 ਤਸਕਰ ਸਰਗਰਮ ਹਨ | ਉਕਤ ਤੋਂ ਇਲਾਵਾ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਦੇ ਇਸ ਮਹੱਤਵਪੂਰਨ ਦਸਤਾਵੇਜ਼ 'ਚ 1210 ਹਾਈ ਪ੍ਰੋਫਾਈਲ ਅੱਤਵਾਦੀਆਂ ਦੇ ਮੁਕੰਮਲ ਵੇਰਵੇ ਵੀ ਦਰਜ ਹਨ |