ਫ਼ਰੀਦਕੋਟ, 29 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਮਾਲਵਾ ਖੇਤਰ ਤੋਂ ਲੰਘ ਰਹੀ ਸਰਹਿੰਦ ਨਹਿਰ ਦਾ ਪਾਣੀ ਪੂਰੀ ਤਰ੍ਹਾਂ ਪਲੀਤ ਹੋ ਚੁੱਕਿਆ ਹੈ | ਇਹ ਪਾਣੀ ਹੁਣ ਪੀਣ ਯੋਗ ਹੀ ਨਹੀਂ, ਜੀਵ ਜੰਤੂਆਂ ਅਤੇ ਸਿੰਚਾਈ ਲਈ ਵੀ ਘਾਤਕ ਹੋ ਗਿਆ ਹੈ | ਇਸ ਨਾਲ ਮਾਲਵਾ ਦੇ ਚਾਰ ਜ਼ਿਲ੍ਹੇ ਫ਼ਰੀਦਕੋਟ, ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਤੇ ਫ਼ਾਜ਼ਿਲਕਾ ਪ੍ਰਭਾਵਿਤ ਹੋਏ ਹਨ | ਜਿਥੋਂ ਦੀ ਜ਼ਿਆਦਾਤਰ ਆਬਾਦੀ ਨਹਿਰੀ ਪਾਣੀ 'ਤੇ ਨਿਰਭਰ ਹੈ, ਕਿਉਂਕਿ ਜ਼ਮੀਨ ਹੇਠਲਾ ਪਾਣੀ ਮਨੁੱਖੀ ਸਿਹਤ ਲਈ ਠੀਕ ਨਹੀਂ ਹੈ | ਇਸ ਨਹਿਰ ਦੇ ਪਲੀਤ ਹੋਏ ਪਾਣੀ ਕਾਰਨ ਇਨ੍ਹਾਂ ਜ਼ਿਲਿ੍ਹਆਂ ਦੇ ਹਜ਼ਾਰਾਂ ਜਲ ਘਰ ਪ੍ਰਭਾਵਿਤ ਹੋਏ ਹਨ | ਜਲ ਸਪਲਾਈ ਵਿਭਾਗ ਵਲੋਂ ਇਸ ਜ਼ਿਲ੍ਹੇ ਦੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਨਹਿਰ ਦਾ ਪਾਣੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਾ ਹੈ ਇਸ ਲਈ ਕੁਝ ਦਿਨਾਂ ਤੱਕ ਇਸ ਪਾਣੀ ਦੀ ਪੀਣ ਲਈ ਵਰਤੋਂ ਨਾ ਕੀਤੀ ਜਾਵੇ | ਜਲ ਸਪਲਾਈ ਵਿਭਾਗ ਅਬੋਹਰ ਮੰਡਲ ਦੇ ਉਪ ਮੰਡਲ ਅਫ਼ਸਰ ਨੇ ਇਸ ਸਬੰਧੀ ਬਕਾਇਦਾ ਇਕ ਪੱਤਰ ਵੀ ਜਾਰੀ ਕੀਤਾ ਹੈ | ਇਸ ਪੱਤਰ ਵਿਚ ਪਿੰਡਾਂ ਦੇ ਪੰਚਾਂ ਸਰਪੰਚਾਂ ਤੇ ਹੋਰ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਪਲੀਤ ਹੋਏ ਪਾਣੀ ਨੂੰ ਨਾ ਵਰਤਣ | ਇੱਥੇ ਜ਼ਿਕਰਯੋਗ ਹੈ ਕਿ ਸਰਹਿੰਦ ਨਹਿਰ ਵਿਚ ਪਹਿਲਾਂ ਹੀ ਲੁਧਿਆਣਾ ਦੇ ਉਦਯੋਗਾਂ ਅਤੇ ਬੁੱਢੇ ਨਾਲੇ ਰਾਹੀਂ ਰਹਿੰਦ ਖੂੰਹਦ ਦਾ ਪਾਣੀ ਨਹਿਰ ਵਿਚ ਪਾਇਆ ਜਾ ਰਿਹਾ ਹੈ | ਇਸ ਮਾਲਵਾ ਪੱਟੀ ਦੇ ਲੋਕ ਕੈਂਸਰ, ਚਮੜੀ, ਹੱਡੀਆਂ ਤੇ ਦੰਦਾਂ ਦੀਆਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਫ਼ਰੀਦਕੋਟ, ਫ਼ਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਕਿਸੇ ਵੀ ਜਲ ਸਪਲਾਈ ਵਿਭਾਗ ਦੇ ਅਧਿਕਾਰੀ ਨੇ ਜਨਤਕ ਤੌਰ 'ਤੇ ਅਜਿਹਾ ਪੱਤਰ ਨਹੀਂ ਜਾਰੀ ਕੀਤਾ ਜਿਸ ਨਾਲ ਲੋਕਾਂ ਨੂੰ ਸੁਚੇਤ ਕੀਤਾ ਹੋਵੇ | ਇਸ ਪੱਤਰ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਬਿਜਲੀ ਬੋਰਡ ਦੇ ਸਾਬਕਾ ਚੇਅਰਮੈਨ ਹਰਿੰਦਰ ਸਿੰਘ ਬਰਾੜ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਜਲ ਸਪਲਾਈ ਵਿਭਾਗ ਵਲੋਂ ਜਨਤਕ ਕੀਤੇ ਗਏ ਇਸ ਪੱਤਰ ਵਿਚ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਇਸ ਖੇਤਰ ਵਿਚ ਰਾਜਸਥਾਨ ਨਹਿਰ ਦੀ ਬੰਦੀ ਤਕਰੀਬਨ ਇਕ ਮਹੀਨੇ ਤੋਂ ਕੀਤੀ ਹੋਈ ਹੈ | ਵਾਧੂ ਪਾਣੀ ਸਰਹਿੰਦ ਨਹਿਰ ਵਿਚ ਪਾਇਆ ਜਾ ਰਿਹਾ ਹੈ | ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਚਾਹੀਦਾ ਸੀ ਕਿ ਪਲੀਤ ਹੋਇਆ ਪਾਣੀ ਕਿਉਂ ਛੱਡਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਸਾਰੇ ਕੰਮ ਲਈ ਪੰਜਾਬ ਦਾ ਪ੍ਰਦੂਸ਼ਨ ਵਿਭਾਗ ਵੀ ਜ਼ਿੰਮੇਵਾਰ ਹੈ | ਮਾਲਵਾ ਖੇਤਰ ਦੀ ਸਿਰਮੌਰ ਸਮਾਜ ਸੇਵੀ ਜਥੇਬੰਦੀ ਜਲ ਜੀਵਨ ਬਚਾਓ ਮੋਰਚਾ ਦੇ ਕਨਵੀਨਰ ਸ਼ੰਕਰ ਸ਼ਰਮਾ ਨੇ ਵੀ 'ਅਜੀਤ' ਨਾਲ ਗੱਲ ਕਰਦਿਆਂ ਸਰਹਿੰਦ ਨਹਿਰ ਵਿਚ ਵੱਗ ਰਿਹਾ ਪਲੀਤ ਹੋਇਆ ਪਾਣੀ ਕੱਚ ਦੇ ਗਿਲਾਸ ਵਿਚ ਪਾ ਦਿਖਾਇਆ ਤੇ ਕਿਹਾ ਕਿ ਉਹ ਪਹਿਲਾਂ ਖਦਸ਼ਾ ਜ਼ਾਹਿਰ ਕਰ ਚੁੱਕੇ ਹਨ ਕਿ ਸਰਕਾਰ ਅਤੇ ਉਸਦੇ ਅਧਿਕਾਰੀ ਇਸ ਸਮੱਸਿਆ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦੇ ਰਹੇ ਬਲਕਿ ਮੋਰਚੇ 'ਤੇ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਸਰਕਾਰ ਦੀਆਂ ਕਮੀਆਂ ਜਨਤਕ ਨਾ ਕਰਨ | ਉਨ੍ਹਾਂ ਅਨੁਸਾਰ ਸੱਚਾਈ ਇਹ ਹੈ ਕਿ ਜਲ ਸਪਲਾਈ ਵਿਭਾਗ ਵਲੋਂ ਨਹਿਰੀ ਪਾਣੀ ਦੇ ਲਏ ਗਏ ਨਮੂਨਿਆਂ ਨੂੰ ਅਜੇ ਤੱਕ ਜਨਤਕ ਨਹੀਂ ਕੀਤਾ ਗਿਆ | ਜਦੋਂ ਇਨ੍ਹਾਂ ਨਮੂਨਿਆਂ ਵਿਚ ਪਲੀਤ ਹੋਏ ਪਾਣੀ ਦੇ ਨਾਲ ਨਾਲ ਯੂਰੇਨੀਅਮ ਅਤੇ ਹੋਰ ਭਾਰੀ ਧਾਤਾਂ ਹੋਣ ਦੀ ਵੀ ਪੁਸ਼ਟੀ ਹੋਈ ਹੈ |
ਸਰਹਿੰਦ ਨਹਿਰ ਦਾ ਪਾਣੀ ਹੋਇਆ ਪਲੀਤ <br/>
ਅਜੀਤ ਡੈਸਕ
30-04-2026