ਸ੍ਰੀ ਕੀਰਤਪੁਰ ਸਾਹਿਬ/ਬੁੰਗਾ ਸਾਹਿਬ 29 ਅਪ੍ਰੈਲ (ਨਿੱਕੂਵਾਲ/ਸੰਨੀ/ਰਾਣਾ)-ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ 'ਤੇ ਉੱਥੇ ਸਥਿਤ ਬਾਬਾ ਗੁਰਦਿੱਤਾ ਜੀ ਦੇ ਗੁਰੂ ਘਰ ਵਿਖੇ ਵੀ ਸੰਗਤ ਪਹੁੰਚਣੀ ਸ਼ੁਰੂ ਹੋ ਗਈ ਹੈ | ਇਸ ਥਾਂ 'ਤੇ ਜਿੱਥੇ ਕਾਰਸੇਵਾ ਸੰਤ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਵਲੋਂ ਲੰਗਰ ਲਗਾਏ ਗਏ | ਉੱਥੇ ਹੀ ਵਧੀਆ ਸਹੂਲਤਾਂ ਵਾਲੀ ਸਰਾਂ ਦਾ ਨਿਰਮਾਣ ਵੀ ਉਨ੍ਹਾਂ ਵਲੋਂ ਕੀਤਾ ਜਾ ਰਿਹਾ ਹੈ | ਇਹ ਸਥਾਨ ਬਾਬਾ ਗੁਰਦਿੱਤਾ ਜੀ ਨਾਲ ਸਬੰਧਿਤ ਹੈ | ਜੋਕਿ ਛੇਵੇਂ ਗੁਰੂ ਹਰਿਗੋਬਿੰਦ ਜੀ ਦੇ ਸਭ ਤੋਂ ਵੱਡੇ ਸਪੁੱਤਰ ਸਨ | ਇਸ ਸਥਾਨ 'ਤੇ ਇੱਥੇ ਨਿੰਮ ਦਾ ਦਰੱਖਤ ਵੀ ਹੈ | ਜੋਕਿ ਗੁਰੂ ਸਾਹਿਬ ਦੇ ਵੇਲੇ ਦਾ ਦੱਸਿਆ ਜਾਂਦਾ ਹੈ | ਇਸ ਪਵਿੱਤਰ ਸਥਾਨ 'ਤੇ ਹਰੇਕ ਐਤਵਾਰ ਅਤੇ ਸੰਗਰਾਂਦ ਦੇ ਦਿਹਾੜੇ ਵਾਲੇ ਦਿਨ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੁੰਦੀਆਂ ਹਨ | ਇਹ ਸਥਾਨ ਪੁਰਾਣੀ ਨਹਿਰ ਤੋਂ ਲੰਘ ਕੇ ਪਹਾੜੀ 'ਤੇ ਸਥਿਤ ਹੈ | ਬਾਬਾ ਗੁਰਦਿੱਤਾ ਜੀ ਉਹ ਸ਼ਖਸੀਅਤ ਹਨ, ਜੋਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਾਦਾ, ਸ੍ਰੀ ਗੁਰੂ ਰਾਮ ਦਾਸ ਜੀ ਦੇ ਪੜਦਾਦਾ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਭਰਾ ਸਨ | ਇਸ ਤੋਂ ਬਿਨ੍ਹਾਂ ਉਨ੍ਹਾਂ ਦੇ ਪੁੱਤਰ ਸ੍ਰੀ ਗੁਰੂ ਹਰਿਰਾਏ ਜੀ, ਸ੍ਰੀ ਗੁਰੂ ਹਰਿਕਿ੍ਸ਼ਨ ਜੀ ਉਨ੍ਹਾਂ ਦੇ ਪੋਤਰੇ ਅਤੇ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਦੇ ਭਤੀਜੇ ਸਨ | ਬਾਬਾ ਗੁਰਦਿੱਤਾ ਜੀ ਦੇ ਪਿਤਾ ਚਾਚਾ, ਪੜਦਾਦਾ, ਪੁੱਤਰ, ਪੋਤਰਾ, ਭਰਾ ਅਤੇ ਭਤੀਜਾ ਗੁਰੂ ਸਾਹਿਬਾਨ ਹਨ | ਇਸ ਤੋਂ ਬਿਨ੍ਹਾਂ ਬਾਬਾ ਸ੍ਰੀ ਚੰਦ ਵਲੋਂ ਬਾਬਾ ਗੁਰਦਿੱਤਾ ਜੀ ਨੂੰ ਸ੍ਰੀ ਗੁਰੂ ਹਰਿਗੋਬਿੰਦ ਜੀ ਤੋਂ ਮੰਗ ਕੇ ਲਿਆ ਹੋਇਆ ਸੀ | ਇਸ ਗੁਰਦੁਆਰੇ ਦੇ ਨਾਲ ਹੀ ਗੁਰਦੁਆਰਾ ਤੀਰ ਸਾਹਿਬ ਹੈ | ਜਿਸ ਥਾਂ ਤੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਇੱਕ ਤੀਰ ਸਤਲੁੱਜ ਨੇੜੇ ਗੁਰਦੁਆਰਾ ਪਤਾਲਪੁਰੀ ਸਾਹਿਬ ਤੱਕ ਮਾਰਿਆ ਸੀ | ਗੁ. ਬਾਬਾ ਗੁਰਦਿੱਤਾ ਜੀ ਦੇ ਮੈਨੇਜਰ ਸੁਖਵੀਰ ਸਿੰਘ ਕਲਵਾਂ ਨੇ ਕਿਹਾ ਕਿ ਸੰਗਤਾਂ ਦੀ ਆਮਦ ਵੱਧ ਰਹੀ ਹੈ ਅਤੇ ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਦੀ ਸਹੂਲਤ ਲਈ ਪੁਖਤਾ ਇੰਤਜਾਮ ਕੀਤੇ ਗਏ ਹਨ |
ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ 'ਤੇ ਵਿਸ਼ੇਸ਼ <br/>
ਅਜੀਤ ਡੈਸਕ
30-04-2026