ਮਾਨਸਾ, 29 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਸ਼ੰਭੂ ਅੰਬਾਲਾ ਰੇਲ ਮਾਰਗ 'ਤੇ ਹੋਏ ਬੰਬ ਧਮਾਕੇ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਗਏ ਪ੍ਰਦੀਪ ਸਿੰਘ ਖ਼ਾਲਸਾ ਵਾਸੀ ਮਾਨਸਾ ਦੀ ਮਾਤਾ ਨੇ ਆਪਣੇ ਪੁੱਤਰ ਨੂੰ ਨਿਰਦੋਸ਼ ਦੱਸਿਆ ਹੈ। ਜ਼ਿਕਰਯੋਗ ਹੈ ਕਿ ਇਸ ਨੌਜਵਾਨ ਨੂੰ ਬੀਤੇ ਕੱਲ੍ਹ ਪਟਿਆਲਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਪ੍ਰਦੀਪ ਦੀ ਮਾਂ ਮਨਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਉਸ ਦਾ ਪੁੱਤਰ ਗ੍ਰੰਥੀ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਉਹ ਕਿਤੇ ਬਾਹਰ ਨਹੀਂ ਗਿਆ ਪਰ ਪੁਲਿਸ ਉਸਨੂੰ ਘਰੋਂ ਜ਼ਬਰਦਸਤੀ ਚੁੱਕ ਕੇ ਲੈ ਗਈ। ਉਨ੍ਹਾਂ ਆਖਿਆ ਕਿ ਜੇਕਰ ਉਸ ਦੇ ਪੁੱਤਰ 'ਚ ਕਾਣ ਹੁੰਦੀ ਤਾਂ ਉਹ ਭਗੌੜਾ ਹੋ ਜਾਂਦਾ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਪੁਲਿਸ ਗਵਾਂਢ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵੀ ਪੁੱਟ ਕੇ ਲੈ ਗਈ। ਉਨ੍ਹਾਂ ਦੱਸਿਆ ਕਿ ਪ੍ਰਦੀਪ ਨਿਹੰਗ ਸਿੰਘ ਬਾਣੇ 'ਚ ਰਹਿੰਦਾ ਸੀ ਅਤੇ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਂਦਾ ਸੀ ਪਰ ਉਹ ਗ਼ਲਤ ਗਤੀਵਿਧੀਆਂ 'ਚ ਸ਼ਾਮਿਲ ਨਹੀਂ ਸੀ। ਉਨ੍ਹਾਂ ਮੰਗ ਕੀਤੀ ਕਿ ਉਸ ਦੇ ਪੁੱਤਰ ਨੂੰ ਰਿਹਾਅ ਕੀਤਾ ਜਾਵੇ। ਪ੍ਰਦੀਪ ਦੇ ਨਾਲ ਹੀ ਨੇੜਲੇ ਪਿੰਡ ਬੱਪੀਆਣਾ ਦੇ ਨੌਜਵਾਨ ਕੁਲਵਿੰਦਰ ਸਿੰਘ ਬੱਗਾ (31) ਨੂੰ ਵੀ ਪਟਿਆਲਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਅੰਮ੍ਰਿਤਧਾਰੀ ਨੌਜਵਾਨ ਦੇ ਮਾਪੇ ਵੀ ਆਪਣੇ ਪੁੱਤਰ ਨੂੰ ਨਿਰਦੋਸ਼ ਦੱਸ ਰਹੇ ਹਨ।
ਪ੍ਰਦੀਪ ਸਿੰਘ ਖ਼ਾਲਸਾ ਦੀ ਮਾਂ ਨੇ ਪੁੱਤਰ ਨੂੰ ਨਿਰਦੋਸ਼ ਦੱਸਿਆ
ਅਜੀਤ ਡੈਸਕ
30-04-2026