ਜਲੰਧਰ, 29 ਅਪ੍ਰੈਲ (ਜਸਪਾਲ ਸਿੰਘ)-ਕੈਪੀਟਲ ਸਮਾਲ ਫਾਈਨਾਂਸ ਬੈਂਕ ਵਲੋਂ ਅੱਜ ਵਿੱਤੀ ਵਰ੍ਹੇ 2026 ਦੀ ਚੌਥੀ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕੀਤਾ | ਕੈਪੀਟਲ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ. ਸਰਵਜੀਤ ਸਿੰਘ ਸਮਰਾ ਨੇ ਦੱਸਿਆ ਕਿ ਇਹ ਸਾਲ ਮਜ਼ਬੂਤ ਕਾਰੋਬਾਰੀ ਗਤੀ, ਰਿਕਾਰਡ ਡਿਸਬਰਸਮੈਂਟ ਅਤੇ 20 ਫੀਸਦੀ ਤੋਂ ਵੱਧ ਬਿਜ਼ਨਸ ਵਾਧਾ ਦਰਜ ਕਰਕੇ ਗਿਆ, ਜਦੋਂ ਕਿ ਬੈਂਕ ਦੀ ਸੰਪਤੀ ਗੁਣਵੱਤਾ ਵੀ ਕਾਫੀ ਵਧੀਆ ਰਹੀ | ਭਾਰਤ ਦੇ ਪਹਿਲੇ ਸਮਾਲ ਫਾਈਨਾਂਸ ਬੈਂਕ ਵਜੋਂ ਦਸ ਸਾਲ ਅਤੇ ਇਕ ਭਰੋਸੇਯੋਗ ਵਿੱਤੀ ਸੰਸਥਾ ਵਜੋਂ 26 ਸਾਲ ਪੂਰੇ ਕਰਦੇ ਹੋਏ, ਕੈਪੀਟਲ ਬੈਂਕ ਨੇ ਇਹ ਵਿੱਤੀ ਵਰ੍ਹਾ 10,000 ਕਰੋੜ ਰੁਪਏ ਤੋਂ ਵੱਧ ਜਮ੍ਹਾਂ ਰਾਸ਼ੀ ਤੇ 8687 ਕਰੋੜ ਰੁਪਏ ਕਰਜ਼ਾ ਵੰਡ ਕੇ ਸਮਾਪਤ ਕੀਤਾ | ਸ੍ਰੀ ਸਮਰਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬੀਤੇ ਵਿੱਤੀ ਵਰ੍ਹੇ ਦੌਰਾਨ ਕੈਪੀਟਲ ਸਮਾਲ ਫਾਈਨਾਂਸ ਬੈਂਕ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ | ਬੈਂਕ ਦਾ ਕੁੱਲ ਕਾਰੋਬਾਰ 18700 ਕਰੋੜ ਰੁਪਏ ਤੋਂ ਪਾਰ ਹੋ ਚੁੱਕਾ ਹੈ ਤੇ ਕਰਜ਼ਾ ਵੰਡ ਵਿਚ ਵੀ 20.9 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ | ਚੌਥੀ ਤਿਮਾਹੀ ਦੌਰਾਨ ਬੈਂਕ ਵਲੋਂ ਕੁੱਲ 919 ਕਰੋੜ ਰੁਪਏ ਦੇ ਕਰਜ਼ੇ ਵੰਡੇ ਗਏ | ਜੀ.ਐਨ.ਪੀ.ਏ. 2.54 ਫੀਸਦੀ ਅਤੇ ਐਨ.ਐਨ.ਪੀ.ਏ. 1.24 ਫੀਸਦੀ ਸੁਧਰੇ, ਜੋ ਕਿ ਪਿਛਲੀ ਤਿਮਾਹੀ ਅਤੇ ਪਿਛਲੇ ਸਾਲ ਨਾਲੋਂ ਬਿਹਤਰ ਹਨ | ਬੈਂਕ ਦਾ ਐਮ.ਐਸ.ਐਮ.ਈ. ਦਾ ਕੁੱਲ ਕਾਰੋਬਾਰ 2209 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜਿਸ ਵਿਚ 46.1 ਫੀਸਦੀ ਸਾਲ ਦਰ ਸਾਲ ਵਾਧਾ ਦਰਜ ਕੀਤਾ ਗਿਆ ਹੈ | ਇਸੇ ਤਰ੍ਹਾਂ ਆਮਦਨ ਬਾਰੇ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਬੀਤੇ ਵਿੱਤੀ ਵਰ੍ਹੇ ਦੌਰਾਨ ਉਨ੍ਹਾਂ ਦਾ ਪੀ.ਪੀ.ਓ.ਪੀ. 218 ਕਰੋੜ ਰੁਪਏ ਰਿਹਾ, ਜੋ ਕਿ 16.6 ਫੀਸਦੀ ਸਾਲ ਦਰ ਸਾਲ ਵਾਧਾ ਦਰਸਾਉਂਦਾ ਹੈ | ਮਾਰਚ 2026 ਤਿਮਾਹੀ ਦਾ ਸ਼ੁੱਧ ਸਾਭ 40.1 ਕਰੋੜ ਰੁਪਏ ਰਿਹਾ | ਬੈਂਕ ਦੀ ਕੁੱਲ ਸਾਲਾਨਾ ਆਮਦਨ 1149 ਕਰੋੜ ਰੁਪਏ ਅਤੇ ਸ਼ੁੱਧ ਲਾਭ 141.4 ਕਰੋੜ ਰਿਹਾ |
ਕੈਪੀਟਲ ਸਮਾਲ ਫਾਈਨਾਂਸ ਬੈਂਕ ਵਲੋਂ ਵਿੱਤੀ ਵਰ੍ਹੇ 2026 ਦੀ ਚੌਥੀ ਤਿਮਾਹੀ ਦੇ ਨਤੀਜਿਆਂ ਦਾ ਐਲਾਨ <br/>
ਅਜੀਤ ਡੈਸਕ
30-04-2026