ਮੁੰਬਈ, 29 ਅਪ੍ਰੈਲ (ਪੀ. ਟੀ. ਆਈ.)-ਆਈ.ਪੀ.ਐਲ. ਦੇ 41ਵੇਂ ਮੈਚ 'ਚ ਮੁੰਬਈ ਇੰਡੀਅਨਜ਼ ਦੀ ਟੀਮ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 6 ਵਿਕਟਾਂ ਨਾਲ ਮਾਤ ਦਿੱਤੀ | ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਨੇ ਰਾਇਨ ਰਿਕਲਟਨ ਦੇ ਧੂੰਆਧਾਰ ਅਜੇਤੂ ਸੈਂਕੜੇ (ਦੌੜਾਂ: 123, ਗੇਂਦਾਂ: 55, ਚੌਕੇ: 10, ਛੱਕੇ: 8) ਦੀ ਬਦੌਲਤ ਬੋਰਡ 'ਤੇ 243 ਦੌੜਾਂ ਦਾ ਸਕੋਰ ਲਗਾਇਆ, ਜੋ ਆਈ.ਪੀ.ਐਲ. ਇਤਿਹਾਸ 'ਚ ਉਸ ਦਾ ਸਭ ਤੋਂ ਵੱਡਾ ਸਕੋਰ ਵੀ ਸੀ ਪਰ ਹੈਦਰਾਬਾਦ ਦੇ ਬੱਲੇਬਾਜ਼ਾਂ ਨੇ ਟੀਚੇ ਨੂੰ 19ਵੇਂ ਓਵਰ 'ਚ ਹੀ ਸਰ ਕਰ ਲਿਆ | ਹੈਦਰਾਬਾਦ ਦੇ ਬੱਲੇਬਾਜ਼ਾਂ ਅਭਿਸ਼ੇਕ ਸ਼ਰਮਾ (ਦੌੜਾਂ: 45, ਗੇਂਦਾਂ: 24, ਚੌਕੇ: 4, ਛੱਕੇ: 3), ਟ੍ਰੈਵਿਸ ਹੈੱਡ (ਦੌੜਾਂ: 76, ਗੇਂਦਾਂ: 30, ਚੌਕੇ: 4, ਛੱਕੇ: 8) ਅਤੇ ਹੈਨਰਿਕ ਕਲਾਸੇਨ (ਦੌੜਾਂ: 65, ਗੇਂਦਾਂ: 30, ਚੌਕੇ: 7, ਛੱਕੇ: 4) ਨੇ ਸ਼ਾਨਦਾਰ ਬੱਲੇਬਾਜ਼ੀ ਦਾ ਮੁਜ਼ਾਹਰਾ ਕਰਦਿਆਂ 244 ਦੌੜਾਂ ਦੇ ਟੀਚੇ ਨੂੰ ਬੌਣਾ ਸਾਬਤ ਕਰ ਦਿੱਤਾ | ਇਹ ਇਸ ਸੀਜ਼ਨ 'ਚ ਹੈਦਰਾਬਾਦ ਦੀ ਲਗਾਤਾਰ 5ਵੀਂ ਜਿੱਤ ਹੈ, ਜਦੋਂਕਿ ਮੁੰਬਈ ਦੀ ਇਹ 6ਵੀਂ ਹਾਰ ਹੈ |