ਪੈਰਿਸ, 29 ਅਪ੍ਰੈਲ (ਏਜੰਸੀ)-ਮੌਜੂਦਾ ਚੈਂਪੀਅਨ ਪੈਰਿਸ ਸੇਂਟ ਜਰਮਨ (ਪੀ.ਐਸ.ਜੀ.) ਨੇ ਸ਼ੁਰੂਆਤ 'ਚ ਪਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਚੈਂਪੀਅਨਜ਼ ਲੀਗ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ਦੇ ਪਹਿਲੇ ਪੜਾਅ 'ਚ ਬਾਇਰਨ ਮਿਊਨਿਖ 'ਤੇ 5-4 ਨਾਲ ਰੋਮਾਂਚਕ ਜਿੱਤ ਦਰਜ ਕੀਤੀ | ਚੈਂਪੀਅਨਜ਼ ਲੀਗ ਦੇ ਕਿਸੇ ਸੈਮੀਫਾਈਨਲ ਮੁਕਾਬਲੇ 'ਚ ਇਹ ਸਭ ਤੋਂ ਵੱਧ ਗੋਲਾਂ ਦਾ ਨਵਾਂ ਰਿਕਾਰਡ ਹੈ | ਸੈਮੀਫਾਈਨਲ ਦਾ ਦੂਜਾ ਪੜਾਅ ਅਗਲੇ ਹਫ਼ਤੇ ਖੇਡਿਆ ਜਾਵੇਗਾ | ਬਾਇਰਨ ਵਲੋਂ ਹੈਰੀ ਕੇਨ ਨੇ 17ਵੇਂ ਮਿੰਟ 'ਚ ਪੈਨਲਟੀ 'ਤੇ ਗੋਲ ਕਰਕੇ ਆਪਣੀ ਟੀਮ ਨੂੰ ਸ਼ੁਰੂਆਤੀ ਬੜਤ ਦਿਵਾਈ ਪਰ ਪੀ.ਐਸ.ਜੀ. ਨੇ ਦੂਜੇ ਅੱਧ ਦੀ ਸ਼ੁਰੂਆਤ 'ਚ ਹੀ 5-2 ਦੀ ਬੜਤ ਬਣਾ ਲਈ, ਜਿਸ 'ਚ ਤੇਜ਼ਤਰਾਰ ਵਿੰਗਰ ਖਵਿਚਾ ਕੁਆਰਤਸਖੇਲੀਆ (24ਵੇਂ ਅਤੇ 56ਵੇਂ) ਅਤੇ ਮਿੰਟ ਡੇਂਬੇਲੇ (45ਵੇਂ ਅਤੇ 58ਵੇਂ ਮਿੰਟ) ਨੇ ਦੋ-ਦੋ ਗੋਲ ਕੀਤੇ | ਪੀ.ਐਸ.ਜੀ. ਲਈ ਜੋਆਓ ਨੇਵੇਸ ਨੇ ਵੀ 33ਵੇਂ ਮਿੰਟ 'ਚ ਗੋਲ ਕੀਤਾ ਸੀ | ਬਾਇਰਨ ਵਲੋਂ ਮਾਈਕਲ ਓਲਿਸ (41ਵੇਂ), ਡੇਯੋਤਾਮਾ ਉਪਕਾਨੋ (65ਵੇਂ) ਅਤੇ ਲੁਈ ਦਿਆਜ (68ਵੇਂ ਮਿੰਟ) ਨੇ ਗੋਲ ਦਾਗੇ | ਬਾਇਰਨ ਮਿਊਨਿਖ ਦੇ ਮੁੱਖ ਕੋਚ ਵਿਨਸੇਂਟ ਕੋਂਪਨੀ ਮੁਅੱਤਲ ਸਨ ਅਤੇ ਉਹ ਸਟੈਂਡ ਤੋਂ ਮੈਚ ਦੇਖ ਰਹੇ ਸਨ | ਇਸ ਲਈ ਸਹਾਇਕ ਕੋਚ ਆਰੋਨ ਡੈਂਕਸ ਨੇ ਕਮਾਨ ਸੰਭਾਲੀ | ਬਾਇਰਨ ਨੂੰ 24 ਜਨਵਰੀ ਤੋਂ ਬਾਅਦ ਕਿਸੇ ਵੀ ਟੂਰਨਾਮੈਂਟ 'ਚ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ | ਇਸ ਮੈਚ 'ਚ ਕੁੱਲ 9 ਗੋਲ ਦਾਗੇ ਗਏ | ਇਹ ਚੈਂਪੀਅਨਜ਼ ਲੀਗ ਦੇ 'ਨਾਕਆਊਟ' ਪੜਾਅ 'ਚ ਕਿਸੇ ਮੈਚ 'ਚ ਦੂਜੇ ਸਭ ਤੋਂ ਵੱਧ ਗੋਲਾਂ ਦੇ ਬਰਾਬਰ ਹੈ | 'ਨਾਕਆਊਟ' ਪੜਾਅ ਦਾ ਇਕ ਮਾਤਰ ਅਜਿਹਾ ਮੈਚ, ਜਿਸ 'ਚ ਇਸ ਤੋਂ ਵੀ ਵੱਧ ਗੋਲ ਹੋਏ ਸਨ, ਉਸ 'ਚ ਵੀ ਬਾਇਰਨ ਮਿਊਨਿਖ ਸ਼ਾਮਿਲ ਸੀ | ਉਸ ਨੇ 2020 ਦੇ ਕੁਆਰਟਰਫਾਈਨਲ 'ਚ ਬਾਰਸੀਲੋਨਾ ਨੂੰ 8-2 ਨਾਲ ਹਰਾਇਆ ਸੀ |
ਚੈਂਪੀਅਨਜ਼ ਲੀਗ ਦੇ ਸੈਮੀਫਾਈਨਲ 'ਚ ਗੋਲਾਂ ਦਾ ਮੀਂਹ, ਪੀ.ਐਸ.ਜੀ. ਨੇ ਬਾਇਰਨ ਮਿਊਨਿਖ ਨੂੰ 5-4 ਨਾਲ ਜਿੱਤਿਆ <br/>
ਅਜੀਤ ਡੈਸਕ
30-04-2026