ਵਾਸਿੰਗਟਨ, 29 ਅਪ੍ਰੈਲ (ਏਜੰਸੀ)-ਦੂਜੀ ਵਿਸ਼ਵ ਜੰਗ ਦੇ ਸਮੇਂ ਬਰਤਾਨੀਆ 'ਚ ਬਣੀ ਪਣਡੁੱਬੀ 'ਐਚ.ਐਮ.ਐਸ. ਟਰੰਪ' ਨਾਲ ਸੰਬੰਧਿਤ ਮੂਲ ਘੰਟੀ ਇਸ ਹਫ਼ਤੇ ਰਾਜਕੀ ਯਾਤਰਾ ਦੌਰਾਨ ਮਹਾਰਾਜਾ ਚਾਰਲਸ ਤੀਜੇ ਵਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭੇਂਟ ਕੀਤੇ ਗਏ ਤੋਹਫ਼ਿਆਂ 'ਚ ਖਿੱਚ ਦਾ ਮੁੱਖ ਕੇਂਦਰ ਰਹੀ | ਵਾਈਟ ਹਾਊਸ 'ਚ ਕਰਵਾਏ ਰਾਜਕੀ ਰਾਤਰੀ ਖਾਣੇ ਵਾਲੇ ਸਮਾਗਮ 'ਚ 77 ਸਾਲ ਦੇ ਮਹਾਰਾਜਾ ਨੇ ਨਿੱਜੀ ਤੋਹਫ਼ਿਆਂ ਦੇ ਰੂਪ 'ਚ ਇਹ ਘੰਟੀ ਭੇਂਟ ਕੀਤੀ, ਜਿਸ ਤੋਂ ਟਰੰਪ ਸਪੱਸ਼ਟ ਰੂਪ 'ਚ ਪ੍ਰਭਾਵਿਤ ਦਿਖੇ ਅਤੇ ਉਨ੍ਹਾਂ ਪ੍ਰੋਗਰਾਮ 'ਚ ਚਾਰਲਸ ਦੀ ਸ਼ਾਨਦਾਰ ਕਹਿ ਕੇ ਪ੍ਰਸੰਸਾ ਕੀਤੀ | ਇਸ ਮੌਕੇ ਚਾਰਲਸ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਜ 'ਨਾਟੋ' (ਉੱਤਰੀ ਅਟਲਾਂਟਿਕ ਸੰਧੀ ਸੰਗਠਨ) ਅਤੇ 'ਏ.ਯੂ.ਕੇ.ਯੂ.ਐਸ.' (ਆਸਟ੍ਰੇਲੀਆ-ਬਰਤਾਨੀਆ-ਅਮਰੀਕਾ ਗੱਠਜੋੜ) ਵਿਚ ਸਾਡੀ ਸਾਂਝੇਦਾਰੀ ਸਾਡੇ ਉਦਯੋਗਿਕ ਅਤੇ ਸੈਨਿਕ ਸਹਿਯੋਗ ਨੂੰ ਪੀਡਾ ਕਰਦੀ ਹੈ ਅਤੇ ਇਹ ਯਕੀਨੀ ਬਣਾਉਂਦੀ ਹੈ ਕਿ ਅਸੀ ਮਿਲ ਕੇ ਤੇਜ਼ ਨਾਲ ਮੁਸ਼ਕਲ ਅਤੇ ਮੁਕਾਬਲੇ ਵਾਲੀ ਦੁਨੀਆ ਦੀ ਚੁਣੌਤੀਆਂ ਦਾ ਸਾਹਮਣਾ ਕਰ ਸਕੀਏ |