04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਰਾਜਿੰਦਰ ਗੁਪਤਾ ਦੇ ਭਾਜਪਾ 'ਚ ਜਾਣ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟਰਾਈਡੈਂਟ ਧੌਲਾ ਫੈਕਟਰੀ 'ਤੇ ਛਾਪਾ

ਅਜੀਤ ਡੈਸਕ 01-05-2026

ਬਰਨਾਲਾ/ਰੂੜੇਕੇ ਕਲਾਂ, 30 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ, ਗੁਰਪ੍ਰੀਤ ਸਿੰਘ ਕਾਹਨੇਕੇ)-ਪੰਜਾਬ ਦੀ ਸਿਆਸਤ ਤੇ ਉਦਯੋਗਿਕ ਖੇਤਰ ਵਿਚ ਅੱਜ ਉਸ ਸਮੇਂ ਵੱਡੀ ਹਲਚਲ ਪੈਦਾ ਹੋ ਗਈ ਜਦੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਉੱਚ ਪੱਧਰੀ ਟੀਮ ਵਲੋਂ ਪ੍ਰਸਿੱਧ ਉਦਯੋਗਿਕ ਘਰਾਣੇ ਟਰਾਈਡੈਂਟ ਗਰੁੱਪ ਦੀ ਧੌਲਾ ਸਥਿਤ ਫੈਕਟਰੀ ਉੱਪਰ ਰੇਡ ਮਾਰ ਦਿੱਤੀ ਗਈ | ਦੱਸਣਯੋਗ ਹੈ ਕਿ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਅਜੇ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿਚ ਸ਼ਾਮਿਲ ਹੋਏ ਹਨ | ਇਸੇ ਕਾਰਨ ਟਰਾਈਡੈਂਟ ਗਰੁੱਪ 'ਤੇ ਇਸ ਕਾਰਵਾਈ ਨੂੰ ਲੈ ਸਿਆਸੀ ਪੱਧਰ 'ਤੇ ਕਾਫ਼ੀ ਚਰਚਾਵਾਂ ਵੀ ਛਿੜ ਗਈਆਂ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਵਾਤਾਵਰਣ ਸਬੰਧੀ ਨਿਯਮਾਂ ਦੀ ਅਣਦੇਖੀ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਇਹ ਰੇਡ ਕੀਤੀ ਗਈ ਹੈ | ਇਸ ਰੇਡ ਲਈ 8 ਤੋਂ 9 ਗੱਡੀਆਂ ਵਿਚ ਸਵਾਰ ਹੋ ਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਡੇ ਅਧਿਕਾਰੀ ਦੁਪਹਿਰ ਕਰੀਬ 12 ਵਜੇ ਪਹੁੰਚੇ ਸਨ ਤੇ ਖ਼ਬਰ ਲਿਖੇ ਜਾਣ ਤੱਕ ਇਹ ਰੇਡ ਜਾਰੀ ਸੀ | ਜਦੋਂ ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਬਰਨਾਲਾ ਦੇ ਐਕਸੀਅਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਰੇਡ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ | ਰੇਡ ਸਬੰਧੀ ਜਾਣਕਾਰੀ ਮੁੱਖ ਦਫ਼ਤਰ ਦੇ ਉੱਚ ਅਧਿਕਾਰੀ ਦੇਣਗੇ | ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਰਕਿੰਗ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ ਵਲੋਂ ਟ੍ਰਾਈਡੈਂਟ ਗਰੁੱਪ ਦੇ ਪਰਿਸਰਾਂ ਵਿਚ ਕੀਤੇ ਗਏ ਛਾਪੇ ਦੀ ਕੜੀ ਨਿੰਦਾ ਕਰਦਿਆਂ ਇਸਨੂੰ ਨਿੰਦਣਯੋਗ ਅਤੇ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਕਾਰਵਾਈ ਕਰਾਰ ਦਿੱਤਾ |

ਪਿਛਲੀ ਖ਼ਬਰ ਫ਼ਿਰੋਜ਼ਪੁਰ-ਫ਼ਾਜ਼ਿਲਕਾ ਸੜਕ 'ਤੇ ਦੋ ਟਰੱਕਾਂ ਦੀ ਟੱਕਰ ਬਾਅਦ ਲੱਗੀ ਅੱਗ ਅਗਲੀ ਖ਼ਬਰ ਧਾਰ ਵਿਖੇ ਵੈਨ-ਐੱਸ.ਯੂ.ਵੀ. ਟੱਕਰ 'ਚ ਮਿ੍ਤਕਾਂ ਦੀ ਗਿਣਤੀ 16 ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।