10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਅੰਤਰਰਾਸ਼ਟਰੀ ਸਾਈਬਰ ਠੱਗੀ ਗਰੋਹ ਭਾਰਤੀ ਨੌਜਵਾਨਾਂ ਨੂੰ ਕੰਬੋਡੀਆ, ਮਿਆਂਮਾਰ ਅਤੇ ਲਾਓਸ ਆਦਿ ਵਿਚ ਗ਼ੁਲਾਮ ਬਣਾ ਕੇ ਕਰਵਾ ਰਹੇ ਠੱਗੀਆਂ • ਭਾਰਤ ਵਿਚ ਆਨਲਾਈਨ ਠੱਗੀ ਦੀਆਂ ਵਾਰਦਾਤਾਂ 'ਚ 2025 'ਚ 2021 ਨਾਲੋਂ 4300 ਫ਼ੀਸਦੀ ਦਾ ਵਾਧਾ • ਵੀਜ਼ਾ ਇਮੀਗ੍ਰੇਸ਼ਨ ਠੱਗੀਆਂ 'ਚੋਂ 65 ਫ਼ੀਸਦੀ ਇਕੱਲੇ ਪੰਜਾਬ 'ਚ ਦਰਜ <br/>

ਅਜੀਤ ਡੈਸਕ 02-05-2026
ਖੰਨਾ, 1 ਮਈ (ਹਰਜਿੰਦਰ ਸਿੰਘ ਲਾਲ)-ਇਕ ਪਾਸੇ ਭਾਰਤ ਵਿਚ ਆਨਲਾਈਨ ਠੱਗੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ | ਭਾਰਤ ਵਿਚ 2021 ਵਿਚ ਹੋਈ ਆਨਲਾਈਨ ਠੱਗੀ ਨਾਲੋਂ 2025 ਵਿਚ ਕਰੀਬ 4300 ਫ਼ੀਸਦੀ ਵਾਧਾ ਹੋਇਆ ਹੈ | 25 ਲੱਖ ਭਾਰਤੀ ਲੋਕ 2025 ਵਿਚ ਕਰੀਬ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਸਹਿ ਚੁੱਕੇ ਹਨ | ਜਦੋਂ ਕਿ ਆਨਲਾਈਨ ਠੱਗੀ ਦੇ ਸ਼ਿਕਾਰ ਲੋਕਾਂ ਵਿਚੋਂ ਕੇਂਦਰੀ ਗ੍ਰਹਿ ਮੰਤਰਾਲੇ ਦੀ ਮਾਰਚ-ਅਪ੍ਰੈਲ 2026 ਰਿਪੋਰਟ ਅਨੁਸਾਰ ਭਾਰਤ ਵਿਚ ਵੀਜ਼ਾ-ਇਮੀਗ੍ਰੇਸ਼ਨ ਠੱਗੀ ਦਾ ਲਗਭਗ 65 ਫ਼ੀਸਦੀ ਹਿੱਸਾ ਇਕੱਲੇ ਪੰਜਾਬ ਵਿਚ ਸਾਹਮਣੇ ਆਇਆ ਹੈ | ਜਦੋਂ ਕਿ ਦੂਜੇ ਪਾਸੇ ਭਾਰਤੀ ਨੌਜਵਾਨਾਂ ਖ਼ਾਸ ਕਰ ਕੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਕੇਰਲਾ, ਤਾਮਿਲਨਾਡੂ ਅਤੇ ਤੇਲੰਗਾਨਾ ਨੂੰ ਉੱਚੀ ਤਨਖ਼ਾਹ ਵਾਲੀਆਂ ਜਾਅਲੀ ਨੌਕਰੀਆਂ ਪੇਸ਼ ਕਰਕੇ ਲੁਭਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਥਾਈਲੈਂਡ ਰਾਹੀਂ ਕੰਬੋਡੀਆ, ਮਿਆਂਮਾਰ ਅਤੇ ਲਾਓਸ ਆਦਿ ਵਿਚ ਲਿਜਾ ਕੇ ਕਥਿਤ 'ਸਾਈਬਰ ਸਕੈਮ ਕੰਪਾਉਂਡਾਂ ਵਿਚ' ਵਿਚ ਬੰਦੀ ਬਣਾ ਲਿਆ ਜਾਂਦਾ ਹੈ | ਇਹ ਧੋਖਾਧੜੀ ਵਾਲੀਆਂ ਫ਼ੈਕਟਰੀਆਂ ਚੀਨੀ ਗੈਂਗਸਟਰਾਂ ਦੀ ਨਿਗਰਾਨੀ ਹੇਠ ਚੱਲਦੀਆਂ ਹਨ ਅਤੇ ਇਨ੍ਹਾਂ ਵਿਚ ਹਿੰਦੀ, ਪੰਜਾਬੀ, ਉਰਦੂ ਬੋਲਣ ਵਾਲਿਆਂ ਨੂੰ ਮੁੱਖ ਨਿਸ਼ਾਨਾ ਬਣਾ ਕੇ ਵੱਖ ਵੱਖ ਤਰੀਕਿਆਂ ਨਾਲ ਠੱਗੀਆਂ ਕਰਵਾਈਆਂ ਜਾਂਦੀਆਂ ਹਨ | ਇਹ ਠੱਗੀਆਂ ਰੋਮਾਂਸ ਸਕੈਮ (ਪਿਗ ਬਚਰਿੰਗ), ਜਾਅਲੀ ਨਿਵੇਸ਼ (ਕਿ੍ਪਟੋ) ਅਤੇ ਡਿਜੀਟਲ ਅਰੈਸਟ ਵਰਗੀਆਂ ਹੁੰਦੀਆਂ ਹਨ | ਨੌਕਰੀ ਦੇ ਲਾਲਚ ਵਿਚ ਫਸੇ ਭਾਰਤੀ ਨੌਜਵਾਨਾਂ ਕੋਲੋਂ ਇਨ੍ਹਾਂ ਠੱਗੀ ਕਰਨ ਦੇ ਅੱਡਿਆਂ 'ਤੇ ਪਹੁੰਚਾਉਣ ਤੋਂ ਬਾਅਦ ਪਾਸਪੋਰਟ ਖੋਹ ਲਏ ਜਾਂਦੇ ਹਨ, ਉਨ੍ਹਾਂ ਨੂੰ ਯਾਤਨਾ ਦਿੱਤੀ ਜਾਂਦੀ ਹੈ |
ਮੁੱਖ ਦੇਸ਼ ਅਤੇ ਤਾਜ਼ਾ ਅੰਕੜੇ 2022 ਤੋਂ 2025 ਤੱਕ
ਭਾਰਤ ਸਰਕਾਰ ਨੇ ਲੋਕ ਸਭਾ ਵਿਚ ਦੱਸਿਆ ਹੈ ਕਿ 2022 ਤੋਂ 2025 ਤੱਕ ਕਰੀਬ 7000 ਭਾਰਤੀ ਨਾਗਰਿਕਾਂ ਨੂੰ ਇਨ੍ਹਾਂ ਸਾਈਬਰ ਕ੍ਰਾਈਮ ਸੈਂਟਰਾਂ ਤੋਂ ਬਚਾਇਆ ਗਿਆ ਹੈ | ਇਨ੍ਹਾਂ ਵਿਚੋਂ ਕੰਬੋਡੀਆ ਵਿਚੋਂ 2,533 ਭਾਰਤੀ, ਲਾਓਸ ਵਿਚੋਂ 2297, ਮਿਆਂਮਾਰ ਵਿਚੋਂ 2,168 ਭਾਰਤੀ ਨੌਜਵਾਨ ਛਡਾਏ ਗਏ ਹਨ | ਇਨ੍ਹਾਂ ਵਿਚੋਂ ਸਿਰਫ਼ ਸਾਲ 2025 ਵਿਚ ਹੀ 1,594 ਲੋਕ ਛਡਾਏ ਗਏ ਸਨ | ਪਰ ਸਮਝਿਆ ਜਾਂਦਾ ਹੈ ਕਿ ਹਜ਼ਾਰਾਂ ਭਾਰਤੀ ਨੌਜਵਾਨ ਅਜੇ ਵੀ ਇਨ੍ਹਾਂ ਦੇਸ਼ਾਂ ਵਿਚ ਫਸੇ ਹੋਏ ਹੋ ਸਕਦੇ ਹਨ ¢ ਯੂ. ਐਨ.ਓ. ਦੀ ਇਕ ਫਰਵਰੀ 2026 ਦੀ ਰਿਪੋਰਟ ਅਨੁਸਾਰ ਸਾਊਥ ਈਸਟ ਏਸ਼ੀਆ ਵਿੱਚ ਘੱਟੋ-ਘੱਟ 3 ਲੱਖ ਤੋਂ ਵੱਧ ਲੋਕ ਇਨ੍ਹਾਂ ਠੱਗੀ ਅੱਡਿਆਂ ਵਿੱਚ ਫਸੇ ਹੋਏ ਹਨ | 2023 ਵਿੱਚ ਇਕੱਲੇ ਮਆਂਮਾਰ ਵਿੱਚ ਹੀ 1 ਲੱਖ 20 ਹਜ਼ਾਰ ਅਤੇ ਕੰਬੋਡੀਆ ਵਿੱਚ 1 ਲੱਖ ਲੋਕ ਫਸੇ ਹੋਏ ਸਨ¢
ਭਾਰਤੀ ਖ਼ਾਸ ਨਿਸ਼ਾਨੇ 'ਤੇ ਕਿਉਂ
ਭਾਰਤੀਆਂ ਨੂੰ ਠੱਗਣ ਲਈ ਹਿੰਦੀ, ਪੰਜਾਬੀ ਅਤੇ ਉਰਦੂ ਬੋਲਣ ਵਾਲੇ ਏਜੰਟ ਵਰਤੇ ਜਾਂਦੇ ਹਨ ਤਾਂ ਜੋ ਭਾਰਤੀ ਲੋਕਾਂ ਨੂੰ ਠੱਗਿਆ ਜਾ ਸਕੇ | ਇਸ ਵਿਚ ਕਈ ਤਫ਼ਤੀਸ਼ਾਂ ਵਿਚ ਪਾਕਿਸਤਾਨੀ ਏਜੰਟਾਂ ਅਤੇ ਨੈਟਵਰਕ ਦਾ ਖ਼ੁਲਾਸਾ ਵੀ ਹੋਇਆ ਹੈ | ਕਈ ਵਾਰ ਭਰਤੀ ਕਰਨ ਵਾਲਿਆਂ ਦੀਆਂ ਚੈਟਸ ਅਤੇ ਆਈ. ਪੀ. ਐਡਰੈਸ ਪਾਕਿਸਤਾਨੀ ਸਰਵਰਾਂ ਨਾਲ ਲਿੰਕ ਹੋਏ ਹਨ | ਉਂਝ ਪਾਕਿਸਤਾਨੀ ਨਾਗਰਿਕ ਵੀ ਇਨ੍ਹਾਂ ਕੰਪਾਉਂਡਾਂ ਵਿੱਚ ਫਸੇ ਹੋਏ ਹਨ |
ਪੰਜਾਬ ਵਿਚ ਸਥਿਤੀ
ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਦੀ ਮਾਰਚ-ਅਪ੍ਰੈਲ 2026 ਰਿਪੋਰਟ ਵਿਚ ਖ਼ੁਲਾਸਾ ਹੋਇਆ ਹੈ ਕਿ ਭਾਰਤ ਵਿਚ ਵੀਜ਼ਾ-ਇਮੀਗ੍ਰੇਸ਼ਨ ਠੱਗੀਆਂ ਦਾ ਲਗਭਗ 65 ਫ਼ੀਸਦੀ ਹਿੱਸਾ ਇਕੱਲੇ ਪੰਜਾਬ ਵਿਚ ਦਰਜ ਹੋਇਆ ਹੈ | ਪੰਜਾਬ ਵਿਚ ਇਸ ਅਪਰਾਧ ਵਿਚ ਸਾਲਾਨਾ ਵਾਧਾ 40.2 ਫ਼ੀਸਦੀ ਦਰਜ ਕੀਤਾ ਗਿਆ ਹੈ | ਜਦੋਂ ਕਿ ਦੇਸ਼ ਭਰ ਵਿਚ ਇਹ ਵਾਧਾ ਦਰ 28.5 ਫ਼ੀਸਦੀ ਹੈ | ਠੱਗੇ ਗਏ ਪੈਸਿਆਂ ਨੂੰ ਵਾਪਸ ਕਰਵਾਉਣ ਦੀ ਦਰਜ ਸਿਰਫ਼ 12 ਫ਼ੀਸਦੀ ਹੀ ਦੱਸੀ ਗਈ ਹੈ | ਪੰਜਾਬ ਪੁਲਿਸ ਨੇ 418 ਕਰੋੜ ਰੁਪਏ ਲੱਭੇ ਹਨ ਅਤੇ 80 ਕਰੋੜ ਰੁਪਏ ਦੇ ਖਾਤੇ ਵੀ ਫ੍ਰੀਜ਼ ਕੀਤੇ ਹਨ¢
ਸਾਈਬਰ ਸਕੈਮ ਤਕਨੀਕਾਂ ਕੀ ਹਨ?
ਇਸ ਵਿਚ ਸਭ ਤੋਂ ਉੱਪਰ ਪਿਗ ਬਚਰਿੰਗ ਤਕਨੀਕ ਹੈ | ਇਸ ਵਿਚ ਠੱਗੀ ਕਰਨ ਵਾਲਾ ਆਨਲਾਈਨ ਰੋਮਾਂਸ ਕਰਕੇ ਭਰੋਸਾ ਜਿੱਤਣਾ ਹੈ ਅਤੇ ਫਿਰ ਨਿਵੇਸ਼ ਕਰਨ ਲਈ ਫਸਾ ਲੈਣਾ ਹੈ | ਇਹ ਲੋਕ ਫਸੇ ਵਿਅਕਤੀ ਨੂੰ ਪਿਗ ਭਾਵ ਸੂਰ ਕਹਿੰਦੇ ਹਨ | ਇਸ ਲਈ ਨਕਲੀ ਪ੍ਰੋਫਾਈਲਾਂ ਰਾਹੀਂ ਡੇਟਿੰਗ ਐਪ, ਵਟਸਐਪ, ਟੈਲੀਗਰਾਮ, ਫੇਸਬੁੱਕ ਜਾਂ ਗਲਤ ਨੰਬਰ ਟੈਕਸਟ ਰਾਹੀਂ ਸੰਪਰਕ ਕੀਤਾ ਜਾਂਦਾ ਹੈ, ਭਾਵਨਾਤਮਕ ਸੰਬੰਧ ਬਣਾਏ ਜਾਂਦੇ ਹਨ | ਫਿਰ ਅੰਦਰੂਨੀ ਟਿਪ ਦੇ ਕੇ ਫੇਕ ਕਿ੍ਪਟੋ/ਫਾਰੈਕਸ/ਇਨਵੈਸਟਮੈਂਟ ਪਲੇਟਫ਼ਾਰਮ 'ਤੇ ਛੋਟੀ ਰਕਮ ਦਾ ਨਿਵੇਸ਼ ਕਰਵਾ ਕੇ ਮੋਟਾ ਮੁਨਾਫ਼ਾ ਦਿਖਾ ਕੇ ਬਾਅਦ ਵਿਚ ਵੱਡੀਆਂ ਰਕਮਾਂ ਠੱਗ ਲਈਆਂ ਜਾਂਦੀਆਂ ਹਨ | ਦੂਜਾ ਸਭ ਤੋਂ ਵੱਡਾ ਤਰੀਕਾ ਡਿਜੀਟਲ ਅਰੈਸਟ ਠੱਗੀ ਹੈ | ਜੋ ਭਾਰਤ ਅਤੇ ਪੰਜਾਬ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ | ਲੁਧਿਆਣਾ ਦੇ ਇਕ ਵੱਡੇ ਉਦਯੋਗਪਤੀ ਤੋਂ 20 ਕਰੋੜ ਰੁਪਏ ਇਸ ਰਾਹੀਂ ਠੱਗੇ ਗਏ ਸਨ |

ਪਿਛਲੀ ਖ਼ਬਰ ਮਈ ਮਹੀਨੇ ਦੀ ਸ਼ੁਰੂਆਤ 'ਚ ਹੀ ਲੋਕਾਂ ਨੂੰ ਲੱਗੇ ਮਹਿੰਗਾਈ ਦੇ ਝਟਕੇ ਬਾਜ਼ਾਰ 'ਚ ਤੇਜ਼ੀ ਨਾ ਹੋਣ ਦੇ ਬਾਵਜੂਦ ਆਉਣ ਵਾਲ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ 8 ਮੀਤ ਪ੍ਰਧਾਨ, ਇਕ ਜਨਰਲ ਸਕੱਤਰ, 9 ਜਥੇਬੰਦਕ ਸਕੱਤਰ ਅਤੇ 5 ਪ੍ਰਚਾਰ ਸਕੱਤਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।