ਪ੍ਰੋ. ਅਵਤਾਰ ਸਿੰਘ
ਚੰਡੀਗੜ੍ਹ, 11 ਮਈ ਸ਼੍ਰੋਮਣੀ ਅਕਾਲੀ ਦਲ (ਬ) ਦੀ ਕੋਰ ਕਮੇਟੀ ਦੀ ਅੱਜ ਇੱਥੇ ਪਾਰਟੀ ਮੁੱਖ ਦਫ਼ਤਰ ਵਿਖੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਹੋਈ ਇਕ ਮੀਟਿੰਗ ਜਿਸ ਵਿਚ ਸ਼ੋ੍ਰਮਣੀ ਕਮੇਟੀ ਦੇ ਕੁਝ ਸੀਨੀਅਰ ਮੈਂਬਰ ਸਾਹਿਬਾਨ ਅਤੇ ਸਕੱਤਰ ਵੀ ਹਾਜ਼ਰ ਸਨ, ਨੇ ਪੰਜਾਬ ਸਰਕਾਰ ਵਲੋਂ ਬੇਅਦਬੀਆਂ ਦੇ ਮੁੱਦੇ 'ਤੇ ਸੋਧੇ ਗਏ ਨਵੇਂ ਕਾਨੂੰਨ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026' 'ਤੇ ਵਿਸਥਾਰ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਲੋਂ ਲਏ ਗਏ ਸਟੈਂਡ ਸਬੰਧੀ ਵੀ ਮੈਂਬਰਾਂ ਦੇ ਵਿਚਾਰ ਲਏ ਗਏ | ਮੀਟਿੰਗ ਦੌਰਾਨ ਇਹ ਆਮ ਰਾਏ ਸੀ ਕਿ ਇਸ ਨਵੇਂ ਸੋਧੇ ਹੋਏ ਕਾਨੂੰਨ ਵਿਚ ਕੁਝ ਤਰੁੱਟੀਆਂ ਹਨ, ਇਸ ਕਾਰਨ ਆਮ ਸਿੱਖ ਗੁੱਟਕਾ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਂਭ ਸੰਭਾਲ ਤੋਂ ਭੈ-ਭੀਤ ਹੋਣ ਲੱਗ ਜਾਵੇਗਾ, ਜੋ ਕਿ ਠੀਕ ਨਹੀਂ ਹੈ | ਬਹੁਤੇ ਮੈਂਬਰਾਂ ਦੀ ਇਹ ਰਾਇ ਸੀ ਕਿ ਰਾਜ ਸਰਕਾਰ ਵਲੋਂ ਬਣਾਏ ਗਏ ਕਾਨੂੰਨ ਨੂੰ ਰੱਦ ਕਰਨ ਦੀ ਥਾਂ ਕਾਨੂੰਨ ਵਿਚਲੀਆਂ ਤਰੁੱਟੀਆਂ ਨੂੰ ਪ੍ਰਚਾਰਨ ਦੀ ਲੋੜ ਹੈ ਤੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕਿਹਾ ਗਿਆ ਕਿ ਉਹ ਇਕ ਸਿੱਖ ਬੁੱਧੀਜੀਵੀਆਂ, ਇਤਿਹਾਸਕਾਰਾਂ ਤੇ ਸੀਨੀਅਰ ਸਿੌਘ ਸਾਹਿਬਾਨਾਂ ਦਾ ਇਕ ਪੈਨਲ ਬਨਾਉਣ ਜੋ ਇਸ ਸਾਰੇ ਮੁੱਦੇ ਨੂੰ ਵਿਚਾਰਨ ਤੋਂ ਬਾਅਦ ਤਰੁੱਟੀਆਂ ਸਬੰਧੀ ਇਕ ਦਸਤਾਵੇਜ਼ ਤਿਆਰ ਕਰੇ ਤੇ ਉਸ ਦੀ ਇਕ ਕਾਪੀ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵੀ ਦਿੱਤੀ ਜਾਵੇ | ਅੱਜ ਦੀ ਮੀਟਿੰਗ ਦੀ ਕਾਰਵਾਈ ਤੋਂ ਮਹਿਸੂਸ ਹੁੰਦਾ ਹੈ ਕਿ ਅਗਲੇ ਦਿਨਾਂ ਦੌਰਾਨ ਸ਼ੋ੍ਰਮਣੀ ਕਮੇਟੀ ਵੀ ਰਾਜ ਸਰਕਾਰ ਨਾਲ ਇਸ ਮੁੱਦੇ 'ਤੇ ਟਕਰਾਅ ਤੋਂ ਬਚਣਾ ਚਾਹੇਗੀ | ਲੇਕਿਨ ਇਹ ਆਮ ਰਾਇ ਸੀ ਕਿ ਇਸ ਕਾਨੂੰਨ ਵਿਚਲੀਆਂ ਤਰੁੱਟੀਆਂ ਨੂੰ ਦੂਰ ਕਰਵਾਉਣ ਲਈ ਸ਼ੋ੍ਰਮਣੀ ਕਮੇਟੀ ਨੂੰ ਪੂਰੇ ਯਤਨ ਕਰਨੇ ਚਾਹੀਦੇ ਹਨ | ਅੱਜ ਦੀ ਇਸ ਮੀਟਿੰਗ ਦੀ ਕਾਰਵਾਈ ਨੂੰ ਮੀਡੀਆ ਨਾਲ ਸਾਂਝਾ ਨਹੀਂ ਕੀਤਾ ਗਿਆ ਤੇ ਨਾ ਹੀ ਕੋਈ ਤਸਵੀਰ ਖਿੱਚਣ ਦੀ ਇਜਾਜ਼ਤ ਦਿੱਤੀ ਗਈ | ਮੀਟਿੰਗ ਉਪਰੰਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਾਹਲੀ ਵਿਚ ਆਪਣੀ ਗੱਡੀ ਵਿਚ ਬੈਠ ਕੇ ਚਲੇ ਗਏ | ਅੱਜ ਦੀ ਇਸ ਮੀਟਿੰਗ ਵਿਚ ਸ਼ੋ੍ਰਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਬਲਵਿੰਦਰ ਸਿੰਘ ਭੂੰਦੜ, ਬਿਕਰਮ ਸਿੰਘ ਮਜੀਠੀਆ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀ.ਕੇ., ਡਾ. ਦਲਜੀਤ ਸਿੰਘ ਚੀਮਾ, ਜਨਮੇਜਾ ਸਿੰਘ ਸੇਖੋਂ, ਸੁੱਚਾ ਸਿੰਘ ਲੰਗਾਹ, ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋਂ, ਵਿਰਸਾ ਸਿੰਘ ਵਲਟੋਹਾ, ਮਨਤਾਰ ਸਿੰਘ ਬਰਾੜ, ਲਖਬੀਰ ਸਿੰਘ ਲੋਧੀਨੰਗਲ, ਬੀਬੀ ਹਰਗੋਬਿੰਦ ਕੌਰ, ਸ਼ੋ੍ਰਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਅੰਤਿ੍ੰਗ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ, ਦਲਜੀਤ ਸਿੰਘ ਭਿੰਡਰ, ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਹਰਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਜੋਧ ਸਿੰਘ ਸਮਰਾ, ਸਰਬਜੀਤ ਸਿੰਘ ਝਿੰਜਰ, ਹਰਪ੍ਰੀਤ ਸਿੰਘ ਕੋਟਭਾਈ, ਤੀਰਥ ਸਿੰਘ ਮਾਹਲਾ, ਅਰਸ਼ਦੀਪ ਸਿੰਘ ਕਲੇਰ, ਗੁਰਬਚਨ ਸਿੰਘ ਬਬੇਹਾਲੀ ਆਦਿ ਤੋਂ ਇਲਾਵਾ ਹੋਰ ਕੋਰ ਕਮੇਟੀ ਅਤੇ ਸ਼ੋ੍ਰਮਣੀ ਕਮੇਟੀ ਦੇ ਮੈਂਬਰ ਹਾਜ਼ਰ ਸਨ |
ਅਕਾਲੀ ਦਲ (ਬ) ਦੀ ਕੋਰ ਕਮੇਟੀ ਨੇ ਬੇਅਦਬੀ ਕਾਨੂੰਨ ਨੂੰ ਰੱਦ ਕਰਨ ਦੀ ਥਾਂ ਤਰੁੱਟੀਆਂ ਦੂਰ ਕਰਵਾਉਣ ਲਈ ਸ਼ੋ੍ਰਮਣੀ ਕਮੇਟੀ ਨੂੰ ਯਤਨਸ਼ੀਲ ਹੋਣ ਲਈ ਕਿਹਾ <br/>
ਅਜੀਤ ਡੈਸਕ
12-05-2026