ਜੈਤੋ, 11 ਮਈ (ਗੁਰਮੀਤਪਾਲ ਰੋੜੀਕਪੂਰਾ, ਗੁਰਚਰਨ ਸਿੰਘ ਗਾਬੜੀਆ)-ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੀ ਹੋਣਹਾਰ ਧੀ ਹਰਲੀਨ ਸ਼ਰਮਾ ਪੁੱਤਰ ਜਸਵਿੰਦਰ ਕੁਮਾਰ ਵਾਸੀ ਚੈਨਾ ਨੇ ਆਪਣੀ ਕਾਬਲੀਅਤ, ਮਿਹਨਤ ਅਤੇ ਦਿ੍ੜ੍ਹ ਇਰਾਦੇ ਨਾਲ ਪ੍ਰਾਪਤੀ ਹਾਸਿਲ ਕੀਤੀ ਹੈ | ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੀ ਵਿਦਿਆਰਥਣ ਹਰਲੀਨ ਸ਼ਰਮਾ ਪੁੱਤਰੀ ਜਸਵਿੰਦਰ ਕੁਮਾਰ ਨੇ 650 ਵਿਚੋਂ 646 ਅੰਕ ਪ੍ਰਾਪਤ ਕਰਕੇ 99.38 ਫ਼ੀਸਦੀ ਨੰਬਰਾਂ ਨਾਲ ਪੂਰੇ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਿਲ ਕਰਕੇ ਇਤਿਹਾਸ ਰਚ ਦਿੱਤਾ ਹੈ | ਇਸ ਤੋਂ ਪਹਿਲਾਂ ਵੀ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੀ ਵਿਦਿਆਰਥਣ ਨੇ ਅੱਠਵੀਂ ਜਮਾਤ ਦੇ ਨਤੀਜਿਆਂ ਵਿਚ ਤਮੰਨਾ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਸੀ | ਹਰਲੀਨ ਸ਼ਰਮਾ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਪਿਆਂ, ਅਧਿਆਪਕਾਂ ਤੇ ਲਗਾਤਾਰ ਕੀਤੀ ਮਿਹਨਤ ਨੂੰ ਦਿੱਤਾ | ਪਿ੍ੰਸੀਪਲ ਕੁਸਮ ਕਾਲੜਾ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਪਵਨ ਕੁਮਾਰ ਗੋਇਲ, ਪ੍ਰਧਾਨ ਰਾਕੇਸ਼ ਰੋਮਾਣਾ, ਸਕੱਤਰ ਮਦਨ ਲਾਲ ਗੋਇਲ ਨੇ ਕਿਹਾ ਕਿ ਉਸਦੀ ਇਸ ਪ੍ਰਾਪਤੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਛੋਟੇ ਸ਼ਹਿਰਾਂ ਦੇ ਬੱਚੇ ਵੀ ਆਪਣੀ ਲਗਨ ਅਤੇ ਹੌਸਲੇ ਨਾਲ ਵੱਡੀਆਂ ਉੱਚਾਈਆਂ ਹਾਸਿਲ ਕਰ ਸਕਦੇ ਹਨ |
ਜੈਤੋ ਦੀ ਹਰਲੀਨ ਸ਼ਰਮਾ ਬਣੀ ਪੰਜਾਬ ਦਾ ਮਾਣ <br/>
ਅਜੀਤ ਡੈਸਕ
12-05-2026