ਅਮਰਗੜ੍ਹ, 11 ਮਈ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਪੰਜਾਬ 'ਚ ਨਸ਼ਿਆਂ ਦੀ ਭੈੜੀ ਅਲਾਮਤ ਹੁਣ ਘਰਾਂ ਦੀਆਂ ਬਰੂਹਾਂ ਟੱਪ ਕੇ ਧੀਆਂ ਦੇ ਭਵਿੱਖ ਨੂੰ ਨਿਗਲਣ ਲੱਗੀ ਹੈ | ਅਮਰਗੜ੍ਹ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਦੇ ਦੋਸ਼ ਹੇਠ ਜੇਲ੍ਹ ਭੇਜੀ ਗਈ ਪਿੰਡ ਭੂਮਸੀ ਦੀ ਇਕ ਪੜ੍ਹੀ-ਲਿਖੀ ਲੜਕੀ ਸੰਦੀਪ ਕੌਰ ਦੀ ਵਾਇਰਲ ਵੀਡੀਓ ਨੇ ਪ੍ਰਸ਼ਾਸਨਿਕ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਅੱਗੇ ਜੇਲ੍ਹ ਦੀਆਂ ਸਲਾਖ਼ਾਂ ਪਿੱਛੋਂ ਦਰਦ ਬਿਆਨ ਕਰਦਿਆਂ ਇਸ ਲੜਕੀ ਨੇ ਜਿੱਥੇ ਪੁਲਿਸ 'ਤੇ ਤਸ਼ੱਦਦ ਅਤੇ ਝੂਠੇ ਪਰਚੇ ਦੇ ਗੰਭੀਰ ਦੋਸ਼ ਲਾਏ ਹਨ, ਉੱਥੇ ਹੀ ਪਿੰਡ ਦੀਆਂ ਦਰਜਨਾਂ ਹੋਰ ਕੁੜੀਆਂ ਦੇ ਨਸ਼ੇ ਦੀ ਗਿ੍ਫ਼ਤ 'ਚ ਹੋਣ ਦਾ ਖ਼ੁਲਾਸਾ ਕੀਤਾ | ਬੀ.ਟੈੱਕ ਕੰਪਿਊਟਰ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕਰਨ ਵਾਲੀ ਇਸ ਲੜਕੀ ਨੇ ਦੱਸਿਆ ਕਿ ਉਹ ਨੌਕਰੀ ਦੌਰਾਨ ਚਿੱਟੇ ਦੇ ਘਾਤਕ ਨਸ਼ੇ ਦੀ ਆਦੀ ਹੋ ਗਈ ਸੀ | ਉਸ ਨੇ ਖ਼ੁਲਾਸਾ ਕੀਤਾ ਕਿ ਨਾਭਾ ਖੇਤਰ 'ਚ ਕਈ ਮਹਿਲਾ ਤਸਕਰ ਬੇਖ਼ੌਫ਼ ਹੋ ਕੇ ਇਹ ਕਾਲਾ ਕਾਰੋਬਾਰ ਕਰ ਰਹੀਆਂ ਹਨ | ਸੰਦੀਪ ਕੌਰ ਨੇ ਦੋਸ਼ ਲਾਇਆ ਕਿ ਅਮਰਗੜ੍ਹ ਪੁਲਿਸ ਨੇ ਉਸ ਨੂੰ ਘਰੋਂ ਜਬਰੀ ਚੁੱਕਿਆ ਅਤੇ ਨਸ਼ਾ ਪੀਣ ਦੇ ਮਾਮਲੇ ਦੀ ਬਜਾਏ ਨਸ਼ਾ ਵੇਚਣ ਦਾ ਝੂਠਾ ਮੁਕੱਦਮਾ ਦਰਜ ਕਰ ਦਿੱਤਾ | ਉਸ ਨੇ ਇਲਜ਼ਾਮ ਲਾਇਆ ਕਿ ਹਿਰਾਸਤ ਦੌਰਾਨ ਜਦੋਂ ਉਸਨੂੰ ਨਸ਼ੇ ਦੀ ਤੋੜ ਲੱਗੀ ਤਾਂ ਪੁਲਿਸ ਮੁਲਾਜ਼ਮਾਂ ਨੇ ਖ਼ੁਦ ਉਸਨੂੰ ਨਸ਼ਾ ਮੁਹੱਈਆ ਕਰਵਾਇਆ | ਵੀਡੀਓ ਵਿਚ ਉਸ ਨੇ ਦਾਅਵਾ ਕੀਤਾ ਕਿ ਉਸ ਦੇ ਪਿੰਡ ਦੀਆਂ 17 ਤੋਂ 20 ਸਾਲ ਦੀਆਂ 16-17 ਹੋਰ ਕੁੜੀਆਂ ਵੀ ਨਸ਼ੇ ਦੀ ਦਲਦਲ 'ਚ ਫਸੀਆਂ ਹੋਈਆਂ ਹਨ | ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ ਸਨ ਕਿ ਨਸ਼ਾ ਕਰਨ ਵਾਲਿਆਂ ਨੂੰ ਮੁਲਜ਼ਮ ਨਹੀਂ ਸਗੋਂ ਮਰੀਜ਼ ਸਮਝਿਆ ਜਾਵੇ, ਪਰ ਇਸ ਮਾਮਲੇ ਨੇ ਤਸਵੀਰ ਕੁਝ ਹੋਰ ਹੀ ਪੇਸ਼ ਕੀਤੀ ਹੈ |
ਜੇਲ੍ਹ ਦੀਆਂ ਸਲਾਖਾਂ ਪਿੱਛੋਂ ਇੰਜੀਨੀਅਰ ਲੜਕੀ ਨੇ ਜਤਿੰਦਰ ਸ਼ੰਟੀ ਅੱਗੇ ਫੋਲਿਆ ਆਪਣਾ ਦਰਦ
ਅਜੀਤ ਡੈਸਕ
12-05-2026