05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਲਿਬਰੇਸ਼ਨ ਤੇ ਆਰ.ਐਮ.ਪੀ.ਆਈ. ਵਲੋਂ ਮਹਿੰਗਾਈ ਖ਼ਿਲਾਫ਼ ਪੰਜਾਬ ਭਰ 'ਚ ਰੋਸ ਪ੍ਰਦਰਸ਼ਨ 18 ਨੂੰ

ਅਜੀਤ ਡੈਸਕ 15-05-2026

ਮਾਨਸਾ, 14 ਮਈ (ਬਲਵਿੰਦਰ ਸਿੰਘ ਧਾਲੀਵਾਲ)-ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਮਹਿੰਗਾਈ ਖ਼ਿਲਾਫ਼ 18 ਮਈ ਨੂੰ ਪੰਜਾਬ ਭਰ 'ਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ | ਇਹ ਫ਼ੈਸਲਾ ਦੋਵੇਂ ਪਾਰਟੀਆਂ ਦੀ ਸਥਾਨਕ ਬਾਬਾ ਬੂਝਾ ਸਿੰਘ ਭਵਨ ਵਿਖੇ ਹੋਈ ਸਾਂਝੀ ਮੀਟਿੰਗ ਮੌਕੇ ਲਿਆ ਗਿਆ | ਮੀਟਿੰਗ 'ਚ ਲਿਬਰੇਸ਼ਨ ਦੇ ਕੌਮੀ ਜਨਰਲ ਸਕੱਤਰ ਕਾ. ਦੀਪਾਂਕਰ ਭੱਟਾਚਾਰੀਆ ਤੇ (ਆਰ.ਐਮ.ਪੀ.ਆਈ.) ਦੇ ਕੌਮੀ ਸਕੱਤਰ ਕਾ. ਮੰਗਤ ਰਾਮ ਪਾਸਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਵਿਚਾਰ ਵਟਾਂਦਰੇ ਉਪਰੰਤ ਸੰਸਾਰ ਭਰ ਦੇ ਕਿਰਤੀਆਂ ਦੇ ਵਿਰੋਧੀ ਅਮਰੀਕੀ ਸਾਮਰਾਜ ਅਤੇ ਭਾਰਤ 'ਚ ਸੱਤਾਧਾਰੀ ਕਾਰਪੋਰੇਟ ਪ੍ਰਸਤ ਫ਼ਿਰਕੂ ਫਾਸੀ ਗੱਠਜੋੜ ਖ਼ਿਲਾਫ਼ ਜੱਦੋ-ਜਹਿਦ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਵੀ ਲਿਆ ਗਿਆ | ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਜਮ ਦੇ ਨਾਂਅ 'ਤੇ ਆਰਥਿਕ ਐਮਰਜੈਂਸੀ ਲਗਾ ਰਹੇ ਹਨ ਅਤੇ ਕਮਰਤੋੜ ਮਹਿੰਗਾਈ ਕਿਰਤੀਆਂ ਦਾ ਕਚੂਮਰ ਕੱਢ ਰਹੀ ਹੈ | ਦੋਵੇਂ ਪਾਰਟੀਆਂ ਵਲੋਂ ਮਜ਼ਦੂਰਾਂ-ਕਿਸਾਨਾਂ ਦੀ ਰੋਜ਼ੀ ਰੋਟੀ 'ਤੇ ਕੀਤੇ ਜਾ ਰਹੀ ਮਾਰੂ ਹੱਲਿਆਂ ਖ਼ਿਲਾਫ਼ 19 ਤੋਂ 28 ਮਈ ਤੱਕ 'ਲੋਕਾਂ ਕੋਲ ਚੱਲੋ' ਮੁਹਿੰਮ ਸ਼ੁਰੂ ਕੀਤੀ ਜਾਵੇਗੀ | ਇਸ ਮੁਹਿੰਮ ਤਹਿਤ ਚੋਣ ਕਮਿਸ਼ਨ ਵਲੋਂ ਐਸ.ਆਈ.ਆਰ. ਦੀ ਆੜ 'ਚ ਜਾਇਜ਼ ਵੋਟਾਂ ਕੱਟੇ ਜਾਣ ਦੇ ਖਿਲਾਫ 7 ਜੂਨ ਨੂੰ ਲੁਧਿਆਣਾ ਵਿਖੇ ਵਿਸ਼ਾਲ ਜਨ ਸੁਣਵਾਈ (ਪਬਲਿਕ ਹੀਅਰਿੰਗ) ਦੇ ਰੂਪ 'ਚ ਹੋਵੇਗਾ | ਇਸ ਸੁਣਵਾਈ ਮੌਕੇ ਦੋਵੇਂ ਪਾਰਟੀਆਂ ਦੇ ਕੌਮੀ ਸਕੱਤਰ ਵੀ ਪਹੁੰਚਣਗੇ | ਇਸ ਮੌਕੇ ਲਿਬਰੇਸ਼ਨ ਦੇ ਕਾ. ਪ੍ਰਸ਼ੋਤਮ ਸ਼ਰਮਾ, ਗੁਰਮੀਤ ਸਿੰਘ ਬਖਤਪੁਰ, ਆਰ. ਐਮ. ਪੀ. ਆਈ. ਦੇ ਪ੍ਰਗਟ ਸਿੰਘ ਜਾਮਾਰਾਏ, ਰਾਜਵਿੰਦਰ ਸਿੰਘ ਰਾਣਾ, ਰੁਲਦੂ ਸਿੰਘ ਮਾਨਸਾ, ਸੁਖਦਰਸ਼ਨ ਸਿੰਘ ਨੱਤ, ਨਛੱਤਰ ਸਿੰਘ ਖੀਵਾ, ਜਸਬੀਰ ਕੌਰ ਨੱਤ, ਗੁਰਨਾਮ ਸਿੰਘ ਭੀਖੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਚੀਨ ਨੇ ਪਾਕਿ ਨੂੰ ਮੱਧ ਪੂਰਬ 'ਚ ਵਿਚੋਲਗੀ ਵਧਾਉਣ ਦੀ ਕੀਤੀ ਅਪੀਲ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਨੇ ਸਰਹਿੰਦ ਫ਼ਤਹਿ ਦਿਵਸ ਮੌਕੇ ਇਤਿਹਾਸਕ ਥੇਹ 'ਤੇ ਫ਼ਤਹਿ ਦਾ ਝੰਡਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।