05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਵਿਧਾਇਕਾ ਅਮਨਦੀਪ ਕੌਰ ਅਰੋੜਾ ਦੇ ਘਰ ਈ.ਡੀ. ਵਲੋਂ ਛਾਪੇਮਾਰੀ ਲੋਕਪਾਲ ਪੰਜਾਬ ਨੂੰ ਕੀਤੀ ਗਈ ਸ਼ਿਕਾਇਤ ਨੂੰ ਆਧਾਰ ਬਣਾ ਕੇ ਦੱਸੀ ਜਾ ਰਹੀ ਹੈ ਕਾਰਵਾਈ

ਮੋਗਾ, 4 ਨਵੰਬਰ (ਗੁਰਤੇਜ ਸਿੰਘ ਬੱਬੀ)-ਅੱਜ ਤੜਕਸਾਰ ਕਰੀਬ ਸਾਢੇ ਚਾਰ ਦੇ ਕਰੀਬ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.)

ਅਜੀਤ ਡੈਸਕ 05-11-2026
ਮੋਗਾ, 4 ਨਵੰਬਰ (ਗੁਰਤੇਜ ਸਿੰਘ ਬੱਬੀ)-ਅੱਜ ਤੜਕਸਾਰ ਕਰੀਬ ਸਾਢੇ ਚਾਰ ਦੇ ਕਰੀਬ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਹਲਕਾ ਮੋਗਾ ਤੋਂ ‘ਆਪ’ ਵਿਧਾਇਕਾ ਤੇ ਆਪ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਡਾ. ਅਮਨਦੀਪ ਕੌਰ ਅਰੋੜਾ ਦੇ ਦੁਸਾਂਝ ਰੋਡ ਸਥਿਤ ਘਰ ’ਤੇ ਛਾਪੇਮਾਰੀ ਕੀਤੀ ਗਈ। ਭਾਵੇਂ ਕਿ ਇਸ ਸੰਬੰਧੀ ਈ.ਡੀ. ਦੇ ਅਧਿਕਾਰੀਆਂ ਨੇ ਕੁਝ ਵੀ ਦੱਸਣ ਤੋਂ ਨਾਂਹ ਕਰ ਦਿੱਤੀ ਪਰ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਮੋਗਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਖ਼ਿਲਾਫ਼ ਸਰਕਾਰੀ ਪ੍ਰਾਪਰਟੀਆਂ ’ਤੇ ਗ਼ਲਤ ਤਰੀਕੇ ਨਾਲ ਕਬਜ਼ੇ, ਪਬਲਿਕ ਫੰਡਾਂ ਦੀ ਦੁਰਵਰਤੋਂ, ਬਣ ਰਹੇ 754-ਏ ਨੈਸ਼ਨਲ ਹਾਈਵੇ ਦੌਰਾਨ ਜ਼ਮੀਨ ਦੀ ਗ਼ਲਤ ਢੰਗ ਨਾਲ ਖ਼ਰੀਦ ਅਤੇ ਹੋਰ ਕਈ ਮਾਮਲੇ ਸ਼ਾਮਿਲ ਹਨ। ਇਹ ਵੀ ਦੱਸ ਦੇਈਏ ਕਿ ਇਸ ਸੰਬੰਧੀ 16 ਜੂਨ 2024 ਨੂੰ ਦਰਜ 101 ਨੰਬਰ ਮੁਕੱਦਮਾ ਵੀ ਸ਼ਾਮਿਲ ਹੈ ਜਿਸ ਨੂੰ ਈ.ਡੀ. ਆਧਾਰ ਮੰਨ ਕੇ ਚੱਲ ਰਹੀ ਹੈ। ਈ.ਡੀ. ਵਲੋਂ ਖ਼ਬਰ ਲਿਖੇ ਜਾਣ ਤੱਕ ਜਾਂਚ ਜਾਰੀ ਸੀ ਅਤੇ ਉਨ੍ਹਾਂ ਵਲੋਂ ਘਰ ਅੰਦਰ ਖ਼ਰੀਦ ਕੀਤੀਆਂ ਪ੍ਰਾਪਰਟੀਆਂ ਅਤੇ ਹੋਰ ਦਸਤਾਵੇਜ਼ ਖੰਘਾਲੇ ਜਾ ਰਹੇ ਸਨ। ਇਸ ਤੋਂ ਇਲਾਵਾ ਈ.ਡੀ. ਵਲੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਪੀ.ਏ. ਰਿੱਕੀ ਅਰੋੜਾ ਦੇ ਘਰ ਵੀ ਛਾਪੇਮਾਰੀ ਕੀਤੀ ਅਤੇ ਇਸ ਦੇ ਨਾਲ ਬਾਘਾ ਪੁਰਾਣਾ ਵਿਖੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਪਤੀ ਡਾ. ਰਕੇਸ਼ ਅਰੋੜਾ ਵਲੋਂ ਚਲਾਇਆ ਜਾ ਰਿਹਾ ਆਸ਼ੀਰਵਾਦ ਹਸਪਤਾਲ ਨਸ਼ਾ ਛੁਡਾਊ ਕੇਂਦਰ ’ਤੇ ਵੀ ਛਾਪੇਮਾਰੀ ਕੀਤੀ। ਸੂਤਰਾਂ ਮੁਤਾਬਿਕ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਕਰੀਬ ਸੱਤ ਟਿਕਾਣਿਆਂ ‘ਤੇ ਛਾਪੇਮਾਰੀ ਹੋਈ। ਜ਼ਿਕਰਯੋਗ ਹੈ ਕਿ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਆਪ ਪਾਰਟੀ ਵਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਜਾਰੀ ਸੂਚੀ ਵਿਚ ਮੁੜ ਤੋਂ ਉਮੀਦਵਾਰ ਐਲਾਨੇ ਗਏ ਹਨ। ਜ਼ਿਕਰਯੋਗ ਹੈ ਕਿ ਈ.ਡੀ. ਦੀ ਰੇਡ ਸਬੰਧੀ ਜਿਉਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਸਮਰਥਕਾਂ ਤੇ ਲੋਕਲ ਆਗੂਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਵੱਡੀ ਗਿਣਤੀ ਵਿਚ ਜਿਨ੍ਹਾਂ ਵਿਚ ਮੇਅਰ ਵਿਨੇਪਾਲ ਕੌਰ, ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀ ਵਾਲੇ, ਕੌਂਸਲਰ ਗੁਰਮਿੰਦਰਜੀਤ ਬਬਲੂ ਦੀ ਅਗਵਾਈ ਵਿਚ ਵਿਧਾਇਕ ਅਰੋੜਾ ਦੇ ਘਰ ਅੱਗੇ ਇਕੱਤਰ ਹੋਏ ਤੇ ਉਨ੍ਹਾਂ ਭਾਜਪਾ ਦੀ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪਿਛਲੀ ਖ਼ਬਰ ਜੱਦੀ ਪਿੰਡ ਭੰਮੇ ਕਲਾਂ ਵਿਖੇ ਹੋਵੇਗਾ ਦਲਜੀਤ ਸਿੰਘ ਦਾ ਅੰਤਿਮ ਸੰਸਕਾਰ ਪਰਿਵਾਰ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਹਾਈ... ਅਗਲੀ ਖ਼ਬਰ ਪੰਜਾਬ ਹੁਣ ਤੱਕ 137.10 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਹੋਈ-ਚੇਅਰਮੈਨ ਬਰਸਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।