• ਪਿਛਲੇ 15 ਦਿਨਾਂ 'ਚ ਸਭ ਤੋਂ ਵੱਧ ਲੱਗੀ ਅੱਗ • 731 ਕਿਸਾਨਾਂ ਖ਼ਿਲਾਫ਼ ਐਫ.ਆਈ.ਆਰ. ਦਰਜ, 780 ਰੈੱਡ ਐਂਟਰੀਆਂ ਪਾਈਆਂ
ਜਤਿੰਦਰ ਪੰਮੀ
ਜਲੰਧਰ, 16 ਮਈ-ਕਣਕ ਦੀ ਵਾਢੀ ਉਪਰੰਤ ਮੌਜੂਦਾ ਸੀਜ਼ਨ ਦੌਰਾਨ 15 ਮਈ ਤੱਕ ਸੂਬੇ 'ਚ ਕਣਕ ਦੇ ਨਾੜ ਨੂੰ ਅੱਗ ਲਾਏ ਜਾਣ ਦੇ 9043 ਮਾਮਲੇ ਸਾਹਮਣੇ ਆਏ ਹਨ ਅਤੇ ਪਿਛਲੇ 15 ਦਿਨਾਂ ਦੌਰਾਨ ਅੱਗ ਲਾਉਣ ਦਾ ਰੁਝਾਨ ਅਪ੍ਰੈਲ ਮਹੀਨੇ ਦੇ ਮੁਕਾਬਲੇ ਕਈ ਗੁਣਾ ਵੱਧ ਰਿਹਾ ਹੈ | ਓਧਰ ਪ੍ਰਸ਼ਾਸਨ ਤੇ ਪ੍ਰਦੂਸ਼ਣ ਵਿਭਾਗ ਵਲੋਂ ਕੇਸ ਦਰਜ ਕਰਨ ਦੇ ਨਾਲ ਹੀ ਇਕ ਘਟਨਾ ਦਾ 5000 ਰੁਪਏ ਜੁਰਮਾਨਾ ਲਾਇਆ ਜਾਂਦਾ ਹੈ | ਪ੍ਰਦੂਸ਼ਣ ਵਿਭਾਗ ਵਲੋਂ ਪੜਤਾਲ ਉਪਰੰਤ 1950 ਘਟਨਾਵਾਂ 'ਚ 91,54,000 ਰੁਪਏ ਜੁਰਮਾਨਾ (ਇਨਵਾਇਰਨਮੈਂਟ ਕੰਪਨਸੇਸ਼ਨ) ਲਾਇਆ ਜਾ ਚੁੱਕਾ ਹੈ | ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਰੋਕਣ ਲਈ ਤਾਇਨਾਤ ਕੀਤੀਆਂ ਗਈਆਂ ਟੀਮਾਂ ਵਲੋਂ ਸੂਬੇ ਅੰਦਰ 731 ਕਿਸਾਨਾਂ ਖ਼ਿਲਾਫ਼ ਬੀਐਨਐਸ ਦੀ ਧਾਰਾ 223 ਤਹਿਤ ਐਫ.ਆਈ.ਆਰ. ਦਰਜ ਕਰਵਾਈਆਂ ਜਾ ਚੁੱਕੀਆਂ ਹਨ | ਇਸ ਦੇ ਨਾਲ ਮਾਲ ਵਿਭਾਗ ਵਲੋਂ 780 ਕਿਸਾਨਾਂ ਦੇ ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀਆਂ ਪਾਈਆਂ ਜਾ ਚੁੱਕੀਆਂ ਹਨ | ਜੇਕਰ 1 ਤੋਂ 30 ਅਪ੍ਰੈਲ ਤੱਕ ਨਾੜ ਨੂੰ ਅੱਗ ਲਾਉਣ ਦੀ ਗੱਲ ਕੀਤੀ ਜਾਵੇ ਤਾਂ 1418 ਮਾਮਲੇ ਸਾਹਮਣੇ ਆਏ ਸਨ ਜਦੋਂਕਿ 1 ਤੋਂ 15 ਮਈ ਤੱਕ ਇਨ੍ਹਾਂ 'ਚ ਵੱਡੇ ਪੱਧਰ 'ਤੇ ਵਾਧਾ ਦਰਜ ਕੀਤਾ ਗਿਆ ਅਤੇ 15 ਦਿਨਾਂ ਦੌਰਾਨ ਹੀ 7625 ਮਾਮਲੇ ਸਾਹਮਣੇ ਆਏ | ਇਸੇ ਤਰ੍ਹਾਂ ਜੇਕਰ 2025 ਦੇ ਸੀਜ਼ਨ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ 15 ਮਈ ਤੱਕ 8361 ਮਾਮਲੇ ਸਾਹਮਣੇ ਆਏ ਸਨ | ਪੰਜਾਬ ਦੇ 23 ਜ਼ਿਲਿ੍ਹਆਂ 'ਚ ਅੱਗ ਲਾਉਣ ਦੇ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਅੱਗ ਲਾਉਣ ਦੀਆਂ ਘਟਨਾਵਾਂ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ (875 ਮਾਮਲੇ) 'ਚ ਸਾਹਮਣੇ ਆਈਆਂ ਹਨ | ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਦਫਤਰ ਐਸ.ਈ.ਈ. ਰਾਜੀਵ ਗੁਪਤਾ ਨੇ ਕਿਹਾ ਕਿ ਜੁਰਮਾਨਾ ਕਰਨ ਦੇ ਨਾਲ ਹੀ ਐਫ.ਆਈ.ਆਰਜ ਦਰਜ ਕਰਵਾਈਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਅਣਗਹਿਲੀ ਵਰਤਣ 'ਤੇ ਹੁਣ ਸੂਬੇ ਦੇ 130 ਨੋਡਲ/ਨਿਗਰਾਨ ਅਫਸਰਾਂ ਨੂੰ ਚਿਤਾਵਨੀ ਜਾਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ | ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਖੇਤੀਬਾੜੀ ਅਫਸਰ ਹੈਡਕੁਆਰਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਅੰਦਰ 33.07 ਲੱਖ ਹੈਕਟੇਅਰ ਰਕਬੇ 'ਚ ਕਣਕ ਦੀ ਬਿਜਾਈ ਕੀਤੀ ਗਈ ਸੀ ਅਤੇ ਕਣਕ ਦੀ ਵਾਢੀ ਤਕਰੀਬਨ ਖਤਮ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਸਖ਼ਤੀ ਦੇ ਨਾਲ ਹੀ ਵਿਭਾਗ ਵਲੋਂ ਜਾਗਰੂਕਤਾ ਮੁਹਿੰਮ ਵੀ ਲਗਾਤਾਰ ਚਲਾਈ ਜਾ ਰਹੀ ਹੈ |
ਸੂਬੇ ਵਿਚ 15 ਮਈ ਤੱਕ ਨਾੜ ਨੂੰ ਅੱਗ ਲਗਾਉਣ ਦੇ 9043 ਮਾਮਲੇ ਆਏ ਸਾਹਮਣੇ <br/>
ਅਜੀਤ ਡੈਸਕ
17-05-2026