ਵਿਕਾਸ ਦੇ ਮਸੀਹਾ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਚੌਥੀ ਬਰਸੀ 21 ਨੂੰ <br/>
ਅਜੀਤ ਡੈਸਕ
17-05-2026
ਮੋਗਾ, 16 ਮਈ (ਸੁਰਿੰਦਰਪਾਲ ਸਿੰਘ)-ਵਿਕਾਸ ਦੇ ਮਸੀਹਾ, ਮਾਲਵੇ ਦੀ ਰਾਜਨੀਤੀ ਦੇ ਬਾਬਾ ਬੋਹੜ ਤੇ ਸ਼੍ਰੋਮਣੀ ਅਕਾਲੀ ਦਲ ਦੇ ਰੌਸ਼ਨ ਦਿਮਾਗ ਵਜੋਂ ਜਾਣੇ ਜਾਂਦੇ ਮਰਹੂਮ ਜਥੇਦਾਰ ਤੋਤਾ ਸਿੰਘ ਸਾਬਕਾ ਕੈਬਨਿਟ ਮੰਤਰੀ ਦੀ ਚੌਥੀ ਬਰਸੀ 21 ਮਈ ਦਿਨ ਵੀਰਵਾਰ ਨੂੰ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਢੋਲੇਵਾਲਾ ਰੋਡ ਧਰਮਕੋਟ (ਜ਼ਿਲ੍ਹਾ ਮੋਗਾ) ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤੱਕ ਮਨਾਈ ਜਾ ਰਹੀ ਹੈ | ਇਸ ਸਬੰਧੀ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਦੱਸਿਆ ਕਿ 19 ਮਈ ਨੂੰ ਅਖੰਡ ਪਾਠ ਆਰੰਭ ਕੀਤੇ ਜਾਣਗੇ ਜਿਨ੍ਹਾਂ ਦੇ ਭੋਗ 21 ਮਈ ਨੂੰ ਸਵੇਰੇ 10 ਵਜੇ ਪੈਣਗੇ | ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨਗੇ | ਮੱਖਣ ਬਰਾੜ ਨੇ ਦੱਸਿਆ ਕਿ ਬਰਸੀ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਸਮੇਤ ਸੀਨੀਅਰ ਲੀਡਰਸ਼ਿਪ ਤੇ ਜ਼ਿਲ੍ਹਾ ਮੋਗਾ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਸ਼ਮੂਲੀਅਤ ਕਰ ਕੇ ਜਥੇਦਾਰ ਤੋਤਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ | ਉਨ੍ਹਾਂ ਦੱਸਿਆ ਕਿ ਬਰਸੀ ਸਮਾਗਮ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ |