ਸੰਗਰੂਰ, 18 ਮਈ (ਦਮਨਜੀਤ ਸਿੰਘ)-ਜ਼ਿਲ੍ਹਾ ਸੰਗਰੂਰ ਦੇ ਕੁੱਝ ਸਕੂਲਾਂ ਨੂੰ ਅੱਜ ਈ ਮੇਲ ਰਾਹੀ ਬੰਬ ਸਬੰਧੀ ਮਿਲੀ ਧਮਕੀ ਉਪਰੰਤ ਤੁਰੰਤ ਹਰਕਤ ਵਿਚ ਆਈ ਸੰਗਰੂਰ ਪੁਲਿਸ ਨੇ ਸਬੰਧਿਤ ਸਕੂਲਾਂ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ | ਜ਼ਿਲੇ੍ਹ ਅੰਦਰ ਧੂਰੀ ਦੇ ਨਾਲ-ਨਾਲ ਸ਼ਹਿਰ ਸੰਗਰੂਰ ਵਿਚਲੇ ਇੱਕ ਸਕੂਲ ਦੀ ਪਿ੍ੰਸੀਪਲ ਨੂੰ ਕਿਸੇ ਅਣਜਾਣ ਵਿਅਕਤੀ ਵਲੋਂ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ ਉਪਰੰਤ ਸਕੂਲ ਪ੍ਰਬੰਧਕਾਂ ਵਲੋਂ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਗਈ ਤੇ ਪੁਲਿਸ ਪਾਰਟੀਆਂ ਨੇ ਤੁਰੰਤ ਸਕੂਲ ਵਿਚ ਪਹੁੰਚ ਕੇ ਸਕੂਲ ਦੀ ਇਮਾਰਤ, ਖੇਡ ਮੈਦਾਨ ਅਤੇ ਬੱਸਾਂ ਆਦਿ ਦੀ ਇਤਿਹਾਤ ਵਜੋਂ ਚੈਕਿੰਗ ਕੀਤੀ ਗਈ ਪਰ ਕਿਸੇ ਵੀ ਥਾਂ ਤੋਂ ਕੋਈ ਸ਼ੱਕੀ ਚੀਜ਼ ਨਹੀਂ ਮਿਲੀ | ਸਕੂਲ ਚੈਕਿੰਗ ਕਰਨ ਪਹੁੰਚੇ ਥਾਣਾ ਸਿਟੀ -1 ਦੇ ਮੁਖੀ ਇੰਸਪੈਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਦੀ ਪਿ੍ੰਸੀਪਲ ਵਲੋਂ ਇਸ ਈ ਮੇਲ ਸਬੰਧੀ ਸੂਚਨਾ ਦਿੱਤੀ ਗਈ ਸੀ ਜਿਸ ਦੇ ਚੱਲਦਿਆਂ ਸਕੂਲ ਦੀ ਚੈਕਿੰਗ ਕੀਤੀ ਗਈ ਹੈ ਕੁੱਝ ਵੀ ਸ਼ੱਕੀ ਨਹੀਂ ਮਿਲਿਆ | ਸੰਗਰੂਰ ਦੇ ਸਕੂਲਾਂ ਵਿਚ ਬੰਬ ਰੱਖਣ ਸਬੰਧੀ ਆਈਆਂ ਈ ਮੇਲਜ਼ ਬਾਰੇ ਗੱਲਬਾਤ ਕਰਦਿਆਂ ਐਸ.ਪੀ. (ਡੀ) ਸੰਗਰੂਰ ਦਵਿੰਦਰ ਅੱਤਰੀ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਸਾਢੇ ਕੁ ਅੱਠ ਵਜੇ ਸਕੂਲਾਂ ਨੂੰ ਈ ਮੇਲ ਆਈਆਂ ਸਨ | ਉਨ੍ਹਾਂ ਕਿਹਾ ਕਿ ਈ ਮੇਲ ਭੇਜਣ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ |
ਧੂਰੀ ਦੇ ਸਕੂਲਾਂ ਵਿਚ ਬੰਬ ਧਮਾਕੇ ਕਰਨ ਦੀ ਧਮਕੀ
ਧੂਰੀ, 18 ਮਈ (ਸੰਜੇ ਲਹਿਰੀ/ਲਖਵੀਰ ਸਿੰਘ ਧਾਂਦਰਾ)-ਖ਼ਾਲਿਸਤਾਨ ਨੈਸ਼ਨਲ ਆਰਮੀ ਦੇ ਨਾਂਅ 'ਤੇ ਗੁਰ ਅਣਖ ਸਿੰਘ ਅਤੇ ਡਾਕਟਰ ਗੁਰ ਨਰਵੈਰ ਸਿੰਘ ਨਾਮੀ ਵਿਅਕਤੀਆਂ ਦੇ ਨਾਂਅ ਹੇਠ ਸੋਸ਼ਲ ਮੀਡੀਆ 'ਤੇ ਵਾਇਰਲ ਇੱਕ ਪੱਤਰ ਵਿਚ ਧੂਰੀ ਦੇ ਕੁਝ ਸਕੂਲਾਂ ਨੂੰ ਪਹੁੰਚੀ ਈਮੇਲ ਵਿਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ | ਇਸ ਨਾਲ ਹੀ ਇਸ ਵਿਚ ਕੁੱਝ ਟਰੇਨਾਂ ਵਿਚ ਵੀ ਬੰਬ ਧਮਾਕੇ ਕਰਨ ਦੀ ਗੱਲ ਲਿਖੀ ਹੋਈ ਹੈ | ਨਗਰ ਕੌਂਸਲ ਚੋਣਾਂ ਦੇ ਚੱਲ ਰਹੇ ਰੁਝੇਵਿਆਂ ਦੌਰਾਨ ਅਜਿਹੀ ਵਾਇਰਲ ਹੋਈ ਖ਼ਬਰ ਨੇ ਸ਼ਹਿਰ ਵਿਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਕੁੱਝ ਸਕੂਲਾਂ ਦੇ ਪ੍ਰਬੰਧਕਾਂ ਨੇ ਧਮਕੀ ਭਰੀ ਈਮੇਲ ਮਿਲਣ ਦੀ ਸੂਚਨਾ ਸਾਂਝੀ ਕੀਤੀ ਹੈ | ਜ਼ਿਕਰਯੋਗ ਹੈ ਕਿ ਇਸ ਈਮੇਲ ਵਿਚ ਸਕੂਲੀ ਬੱਚਿਆਂ ਨੂੰ ਨਿਸ਼ਾਨਾ ਨਾ ਬਣਾਉਣ ਦੀ ਗੱਲ ਵੀ ਕੀਤੀ ਗਈ ਹੈ ਇਸ ਨਾਲ ਹੀ ਇਸ ਈਮੇਲ ਵਿਚ ਕਈ ਉੱਚ ਪੁਲਿਸ ਅਧਿਕਾਰੀਆਂ ਸਮੇਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਮੰਤਰੀ ਅਮਿਤ ਸ਼ਾਹ, ਜੈ ਸ਼ੰਕਰ ਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਹੋਈ ਹੈ | ਅੱਜ ਸਕੂਲਾਂ ਨੂੰ ਮਿਲੇ ਇਸ ਧਮਕੀ ਪੱਤਰ ਤੋਂ ਬਾਅਦ ਕਈ ਨਿੱਜੀ ਸਕੂਲਾਂ ਵਿਚ ਪੁਲਿਸ ਪ੍ਰਸ਼ਾਸਨ ਨੇ ਚੌਕਸੀ ਵਰਤਦਿਆਂ ਕਈ ਪੁਲਿਸ ਮੁਲਾਜ਼ਮ ਸਕੂਲਾਂ ਵਿਚ ਨਿਗਰਾਨੀ ਲਈ ਭੇਜੇ ਹੋਏ ਸਨ | ਇਸ ਮੌਕੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨ ਸੂਬਾ ਪ੍ਰਧਾਨ ਡਾਕਟਰ ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਉਨ੍ਹਾਂ ਦੇ ਆਪਣੇ ਸਕੂਲ ਸਮੇਤ ਪੰਜਾਬ ਦੇ ਵੱਖ-ਵੱਖ ਸਕੂਲਾਂ ਨੂੰ ਵੱਖ-ਵੱਖ ਸਮਿਆਂ ਵਿਚ ਬੰਬ ਧਮਾਕਿਆਂ ਦੀਆਂ ਈ-ਮੇਲ ਆਈਆਂ ਹਨ | ਅਜਿਹੇ ਮੌਕੇ ਫੈਡਰੇਸ਼ਨ ਵਲੋਂ ਜਾਰੀ ਐਡਵਾਈਜ਼ਰੀ 'ਚ ਸਕੂਲਾਂ ਨੂੰ ਸ਼ਾਂਤੀਪੂਰਵਕ ਆਪਣੀਆਂ ਕਲਾਸਾਂ ਅਤੇ ਸਕੂਲ ਦਾ ਹਰ ਇੱਕ ਕੋਨਾ ਤੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ | ਇਸ ਮੌਕੇ ਡੀ.ਐਸ.ਪੀ. ਧੂਰੀ ਗੁਰਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਧੂਰੀ ਦੇ ਕੁੱਝ ਨਿੱਜੀ ਸਕੂਲਾਂ ਵਿਚ ਤੇ ਰੇਲਵੇ ਸਟੇਸ਼ਨ ਉੱਪਰ ਧਮਾਕੇ ਕਰਨ ਵਾਲੀ ਈ ਮੇਲ ਕੁੱਝ ਸਕੂਲਾਂ ਨੂੰ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ ਪ੍ਰਸ਼ਾਸਨ ਵੱਲੋਂ ਅਜਿਹੇ ਸ਼ਰਾਰਤੀ ਅਨਸਰਾਂ ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ |
ਸੰਗਰੂਰ 'ਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ <br/>
ਅਜੀਤ ਡੈਸਕ
19-05-2026