ਦੇਸ਼ ਦੇ ਸਕੂਲਾਂ ਦੀਆਂ ਤੀਖਣ ਬੁੱਧੀ ਲੜਕੀਆਂ ਮਰਦ ਪ੍ਰਧਾਨ ਸਮਾਜ ਦੀ ਸੋਚ ਕਰਕੇ ਉੱਚ ਸਿੱਖਿਆ ਲਈ ਦਾਖ਼ਲੇ ਲੈਣ ਤੋਂ ਪੱਛੜੀਆਂ <br/>
ਅਜੀਤ ਡੈਸਕ
19-05-2026
ਬਠਿੰਡਾ, 18 ਮਈ-ਦੇਸ਼ ਦੀਆਂ ਤੀਖਣ ਬੁੱਧੀ ਲੜਕੀਆਂ ਉੱਚ ਸਿੱਖਿਆ ਲਈ ਦਾਖ਼ਲੇ ਲੈਣ ਲਈ ਮਰਦ ਸਮਾਜ ਦੇ ਸੌੜੀ ਸੋਚ ਕਾਰਨ 21ਵੀਂ ਸਦੀ ਦੇ ਭਾਰਤ ਵਿਚ ਵੀ ਪੱਛੜ ਰਹੀਆਂ ਹਨ, ਲੰਘੇ ਦਹਾਕੇ ਤੋਂ ਸਕੂਲੀ ਪੜ੍ਹਾਈ ਵਿਚ ਦੇਸ਼ ਦੀਆਂ ਲੜਕੀਆਂ ਲੜਕਿਆਂ ਨਾਲੋਂ ਮੋਹਰੀ ਰਹਿਣ ਦੇ ਬਾਵਜੂਦ ਵੀ ਉੱਚ ਸਿੱਖਿਆ ਲਈ ਦਾਖ਼ਲੇ ਲੈਣ ਵਿਚ ਪੱਛੜ ਰਹੀਆਂ ਹਨ | ਭਾਰਤੀ ਮਰਦ ਸਮਾਜ ਨੇ ਅੱਜ ਵੀ ਲੜਕੀਆਂ ਨੂੰ ਉੱਚ ਸਿੱਖਿਆ ਹਾਸਿਲ ਕਰਵਾਉਣ ਸਰਕਾਰੀ ਅਤੇ ਨਿੱਜੀ ਸੈਕਟਰ ਵਿਚ ਨੌਕਰੀਆਂ ਕਰਵਾਉਣ, ਵਿਦੇਸ਼ਾਂ ਵਿਚ ਪੜ੍ਹਨ ਲਈ ਭੇਜਣ ਅਤੇ ਦੇਸ਼ ਦੀ ਰਾਜਨੀਤੀ ਵਿਚ ਪ੍ਰਵੇਸ਼ ਕਰਨ ਲਈ ਬੰਦਿਸ਼ਾਂ ਲਗਾ ਰੱਖੀਆਂ ਹਨ | ਭਾਰਤੀ ਸਿੱਖਿਆ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਲੰਘੇ 10 ਵਰਿ੍ਹਆਂ ਸਾਲ 2017 ਤੋਂ ਸਾਲ 2026 ਤੱਕ ਬਾਰ੍ਹਵੀਂ ਜਮਾਤ ਪਾਸ ਕਰਨ ਵਿਚ ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋਂ ਪੰਜ ਫ਼ੀਸਦੀ ਤੋਂ ਲੈ ਕੇ 9.5 ਫ਼ੀਸਦੀ ਵੱਧ ਰਹੀ ਹੈ ਸਕੂਲੀ ਪੜ੍ਹਾਈ ਵਿਚ ਭਾਰਤੀ ਲੜਕੀਆਂ ਪਹਿਲੀਆਂ ਪਿਛਲੀਆਂ ਹਾਸਲ ਕਰਨ ਵਿਚ ਵੀ ਲੜਕਿਆਂ ਨਾਲੋਂ ਅੱਗੇ ਰਹੀਆਂ ਹਨ | ਪ੍ਰਾਪਤ ਤਾਜ਼ਾ ਅੰਕੜਿਆਂ ਅਨੁਸਾਰ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚੋਂ ਸਾਲ 2017 ਵਿਚ ਲੜਕੀਆਂ ਦੀ ਪਾਸ ਹੋਣ ਦੀ ਗਿਣਤੀ ਲੜਕਿਆਂ ਨਾਲੋਂ 9.5 ਫ਼ੀਸਦੀ ਵੱਧ ਰਹੀ ਸੀ | ਇਸੇ ਤਰ੍ਹਾਂ ਸਾਲ 2018 ਵਿਚ 9.32 ਫ਼ੀਸਦੀ, ਸਾਲ 2019 ਵਿਚ 9.3 ਫ਼ੀਸਦੀ, ਸਾਲ 2020 ਵਿਚ 9.96 ਫ਼ੀਸਦੀ, ਸਾਲ 2021 ਵਿਚ ਪੁਆਇੰਟ 54 ਫ਼ੀਸਦੀ, ਸਾਲ 2022 ਵਿਚ 3.29 ਫ਼ੀਸਦੀ, ਸਾਲ 2023 ਵਿਚ 6.1 ਫ਼ੀਸਦੀ, ਸਾਲ 2024 ਵਿਚ 6.4 ਫ਼ੀਸਦੀ, ਸਾਲ 2025 ਵਿਚ 9.94 ਫ਼ੀਸਦੀ, ਸਾਲ 2026 ਦੇ ਤਾਜ਼ੇ ਨਤੀਜਿਆਂ ਵਿਚ ਬਾਰ੍ਹਵੀਂ ਜਮਾਤ ਦੀਆਂ ਲੜਕੀਆਂ ਦੇ ਪਾਸ ਹੋਣ ਦੀ ਗਿਣਤੀ ਲੜਕਿਆਂ ਨਾਲੋਂ 6.73 ਫ਼ੀਸਦੀ ਵੱਧ ਰਹੀ ਹੈ, ਸਾਲ 2020 ਦੇ ਸਕੂਲੀ ਕਲਾਸਾਂ ਦੇ ਨਤੀਜਿਆਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਿਚ ਲੜਕੀਆਂ ਮੋਹਰੀ ਰਹੀਆਂ ਹਨ | ਪੜ੍ਹਾਈ ਵਿਚ ਤੀਖਣ ਬੁੱਧੀ ਲੜਕੀਆਂ ਮਰਦ ਸਮਾਜ ਦੀ ਨਕਾਰਾਤਮਕ ਸੋਚ ਕਰਕੇ ਉੱਚ ਸਿੱਖਿਆ ਲਈ ਦਾਖ਼ਲੇ ਲੈਣ ਅਤੇ ਡਿਗਰੀਆਂ ਪ੍ਰਾਪਤ ਕਰਨ ਵਿਚ ਲੜਕਿਆਂ ਤੋਂ ਪਿੱਛੇ ਹਨ, ਉੱਚ ਸਿੱਖਿਆ ਵਿਚ ਦਾਖ਼ਲ ਲੈਣ ਦੇ ਅੰਕੜਿਆਂ ਅਨੁਸਾਰ ਸਾਲ 2019 ਤੋਂ 2020 ਵਿਚ ਲੜਕੀਆਂ ਦੀ ਗਿਣਤੀ 48.83 ਫ਼ੀਸਦੀ ਰਹੀ, ਜਦਕਿ ਲੜਕਿਆਂ ਦੀ ਗਿਣਤੀ 51.7 ਫ਼ੀਸਦੀ ਰਹੀ | ਇਸੇ ਤਰ੍ਹਾਂ ਸਾਲ 2020 ਤੋਂ 2021 ਵਿਚ ਲੜਕੀਆਂ 48.55 ਫ਼ੀਸਦੀ ਤੇ ਲੜਕਿਆਂ ਦੀ ਸੰਖਿਆ 51.45 ਫ਼ੀਸਦੀ, ਸਾਲ 2021 ਤੋਂ ਸਾਲ 2022 ਵਿਚ ਲੜਕੀਆਂ 47.8 ਫ਼ੀਸਦੀ ਤੇ ਲੜਕਿਆਂ ਨੇ 52.20 ਫ਼ੀਸਦੀ ਉੱਚ ਸਿੱਖਿਆ ਹਾਸਿਲ ਕਰਨ ਲਈ ਦਾਖ਼ਲੇ ਹਾਸਿਲ ਕੀਤੇ | ਇਸੇ ਤਰ੍ਹਾਂ ਦੇਸ਼ ਵਿਚ ਸਰਕਾਰੀ ਅਤੇ ਨਿੱਜੀ ਸੈਕਟਰ ਵਿਚ ਨੌਕਰੀਆਂ ਕਰਨ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ ਨੌਕਰੀ ਪੇਸ਼ਾ ਪੁਰਸ਼ਾਂ ਦੀ ਗਿਣਤੀ 79 ਫ਼ੀਸਦੀ ਹੈ, ਜਦਕਿ ਔਰਤਾਂ ਦੀ ਗਿਣਤੀ ਸਿਰਫ਼ 40 ਫ਼ੀਸਦੀ ਹੈ ਕਿ ਭਾਰਤ ਦੇ ਪੰਜ ਰਾਜਾਂ ਕੇਰਲਮ, ਅਸਾਮ, ਪੱਛਮੀ ਬੰਗਾਲ, ਤਾਮਿਲਨਾਡੂ, ਪੁਡੂਚਿਰੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਚੋਣ ਜਿੱਤਣ ਵਾਲੀਆਂ ਔਰਤਾਂ ਦੀ ਗਿਣਤੀ ਸਿਰਫ਼ 5 ਤੋਂ 12 ਫ਼ੀਸਦੀ ਰਹੀ ਹੈ | ਇਨ੍ਹਾਂ ਸਾਰੇ ਅੰਕੜਿਆਂ ਤੋਂ ਸਪਸ਼ਟ ਹੋ ਰਿਹਾ ਹੈ ਕਿ 21ਵੀਂ ਸਦੀ ਦਾ ਭਾਰਤੀ ਸਮਾਜ ਔਰਤਾਂ 'ਤੇ ਵਿਸ਼ਵਾਸ ਜਤਾਉਣ ਵਿਚ ਅੱਜ ਤੱਕ ਵੀ ਨਾਕਾਮ ਸਾਬਤ ਹੋ ਰਿਹਾ ਹੈ | ਪੱਛਮੀ ਮੁਲਕਾਂ ਦੀ ਰਾਜਨੀਤੀ ਵਿਚ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਸਿਰਫ਼ 10 ਫ਼ੀਸਦੀ ਘੱਟ ਹੈ ਤੇ ਭਾਰਤ ਦੀ ਰਾਜਨੀਤੀ ਵਿਚ ਔਰਤਾਂ ਦੇ 33 ਫ਼ੀਸਦੀ ਰਾਖਵਾਂਕਰਨ ਦੇ ਬਿੱਲ ਦਾ ਵਿਰੋਧ ਕਰਕੇ ਭਾਰਤੀ ਮਰਦ ਪ੍ਰਧਾਨ ਸਮਾਜ ਦਾ ਦੇਸ਼ ਔਰਤ ਪ੍ਰਤੀ ਵਿਸ਼ਵਾਸ ਦਾ ਚਿਹਰਾ ਨੰਗਾ ਕਰ ਦਿੱਤਾ ਹੈ |