ਐੱਸ. ਏ. ਐੱਸ. ਨਗਰ, 19 ਮਈ (ਕਪਿਲ ਵਧਵਾ)-ਸਾਲ 2011 ਦੌਰਾਨ ਐਕਸਾਈਜ਼ ਐਂਡ ਟੈਕਸੇਸ਼ਨ ਅਫ਼ਸਰ (ਈ. ਟੀ. ਓ.) ਰਣਜੀਤ ਸਿੰਘ ਨੂੰ ਕਥਿਤ ਤੌਰ 'ਤੇ ਫਰਜ਼ੀ ਵਿਜੀਲੈਂਸ ਟਰੈਪ ਵਿਚ ਫਸਾਉਣ ਅਤੇ ਬਾਅਦ ਵਿਚ ਉਸਨੂੰ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦੇ ਮਾਮਲੇ ਵਿਚ ਮੁਹਾਲੀ ਦੀ ਅਦਾਲਤ ਨੇ ਅਹਿਮ ਫ਼ੈਸਲਾ ਸੁਣਾਉਂਦਿਆਂ ਤਤਕਾਲੀ ਵਿਜੀਲੈਂਸ ਐੱਸ. ਪੀ. ਅਮਨਦੀਪ ਕੌਰ ਤੇ ਰਾਜਿੰਦਰ ਸਿੰਘ ਉਰਫ਼ ਗੋਪੀ ਨੂੰ ਆਈ. ਪੀ. ਸੀ. ਦੀ ਧਾਰਾ 306 ਤੇ 120ਬੀ ਤਹਿਤ ਦੋਸ਼ੀ ਕਰਾਰ ਦਿੰਦਿਆਂ 3-3 ਸਾਲ ਦੀ ਸਖ਼ਤ ਕੈਦ ਅਤੇ 10-10 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਹੈ, ਜਦਕਿ ਪਰਮਜੀਤ ਸਿੰਘ ਨੂੰ ਬਰੀ ਕਰ ਦਿੱਤਾ ਗਿਆ | ਇਸ ਸੰਬੰਧੀ ਥਾਣਾ ਫੇਜ਼-1 ਮੁਹਾਲੀ ਵਿਖੇ ਭਿ੍ਸ਼ਟਾਚਾਰ ਰੋਕੂ ਕਾਨੂੰਨ ਅਤੇ ਭਾਰਤੀ ਦੰਡ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ 18 ਅਗਸਤ 2012 ਨੂੰ ਐੱਫ. ਆਈ. ਆਰ. ਦਰਜ ਕੀਤੀ ਗਈ ਸੀ | ਅਦਾਲਤ ਦੇ ਰਿਕਾਰਡ ਅਨੁਸਾਰ ਸ਼ਿਕਾਇਤਕਰਤਾ ਮਨਜੀਤ ਕੌਰ ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਪਤੀ ਰਣਜੀਤ ਸਿੰਘ, ਜੋ ਕਿ ਉਸ ਸਮੇਂ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਵਿਚ ਈ. ਟੀ. ਓ. ਵਜੋਂ ਤਾਇਨਾਤ ਸਨ, ਨੂੰ ਵਿਜੀਲੈਂਸ ਅਧਿਕਾਰੀਆਂ ਤੇ ਕੁਝ ਵਪਾਰੀਆਂ ਨੇ ਸਾਜਿਸ਼ ਤਹਿਤ ਝੂਠੇ ਰਿਸ਼ਵਤ ਮਾਮਲੇ ਵਿਚ ਫਸਾਇਆ ਸੀ | ਉਹ ਮਾਨਸਿਕ ਤੌਰ 'ਤੇ ਟੁੱਟ ਗਏ ਅਤੇ 22 ਅਪ੍ਰੈਲ 2011 ਨੂੰ ਜ਼ਹਿਰੀਲੀ ਵਸਤੂ ਨਿਗਲ ਕੇ ਉਨ੍ਹਾਂ ਖ਼ੁਦਕੁਸ਼ੀ ਕਰ ਲਈ | ਜਾਂਚ ਦੌਰਾਨ ਆਈ. ਪੀ. ਐੱਸ. ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਅਤੇ ਆਈ. ਏ. ਐੱਸ. ਅਧਿਕਾਰੀ ਮਨਸਵੀ ਕੁਮਾਰ ਵਲੋਂ ਕੀਤੀ ਗਈ ਜਾਂਚ ਦੌਰਾਨ ਇਹ ਨਤੀਜਾ ਕੱਢਿਆ ਗਿਆ ਸੀ ਕਿ ਰਣਜੀਤ ਸਿੰਘ ਨੂੰ ਝੂਠੇ ਮਾਮਲੇ ਵਿਚ ਫਸਾਇਆ ਗਿਆ ਸੀ | ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਅਤੇ ਰਿਕਾਰਡ 'ਤੇ ਮੌਜੂਦ ਸਬੂਤਾਂ ਨੂੰ ਵੇਖਣ ਤੋਂ ਬਾਅਦ ਦੋਸ਼ੀਆਂ ਨੂੰ ਸਜ਼ਾ ਸੁਣਾਈ |
13 ਸਾਲ ਪੁਰਾਣਾ ਈ.ਟੀ.ਓ. ਖ਼ੁਦਕੁਸ਼ੀ ਮਾਮਲਾ-ਸਾਬਕਾ ਵਿਜੀਲੈਂਸ ਐੱਸ.ਪੀ. ਸਮੇਤ ਦੋ ਨੂੰ 3-3 ਸਾਲ ਦੀ ਕੈਦ ਤੇ ਜੁਰਮਾਨਾ <br/>
ਅਜੀਤ ਡੈਸਕ
20-05-2026