• ਨਵੀਆਂ ਕੀਮਤਾਂ ਨਾਲ ਖੇਤੀ ਖੇਤਰ 'ਤੇ ਹੀ 800 ਤੋਂ 900 ਕਰੋੜ ਤੱਕ ਪਏਗਾ ਹੋਰ ਭਾਰ • ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਨੇ ਸਪਲਾਈ ਯਕੀਨੀ ਬਣਾਉਣ ਲਈ ਮੁੱਖ ਸਕੱਤਰ ਨੂੰ ਲਿਖੀ ਚਿੱਠੀ
ਜਲੰਧਰ, 19 ਮਈ (ਸ਼ਿਵ ਸ਼ਰਮਾ)-ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਹਰ ਵਰਗ 'ਤੇ ਇਸ ਦਾ ਕਰੋੜਾਂ ਰੁਪਏ ਦਾ ਭਾਰ ਪਿਆ ਹੈ ਤੇ ਹੁਣ ਜੂਨ ਵਿਚ ਝੋਨੇ ਦੀ ਬਿਜਾਈ ਦੇ ਆਉਣ ਵਾਲੇ ਸੀਜ਼ਨ ਵਿਚ ਹੀ ਕਿਸਾਨਾਂ 'ਤੇ ਡੀਜ਼ਲ ਮਹਿੰਗਾ ਹੋਣ ਦਾ 800 ਤੋਂ ਲੈ ਕੇ 900 ਕਰੋੜ ਤੱਕ ਦਾ ਵਾਧੂ ਭਾਰ ਪੈਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਮਈ ਅਤੇ ਜੂਨ ਵਿਚ ਝੋਨੇ ਦੀ ਬਿਜਾਈ ਲਈ ਡੀਜ਼ਲ ਦੀ ਵਿੱਕਰੀ ਕਾਫ਼ੀ ਵਧ ਜਾਂਦੀ ਹੈ ਤੇ ਇਨ੍ਹਾਂ ਦਿਨਾਂ ਵਿਚ ਡੀਜ਼ਲ ਦੀ ਸਪਲਾਈ ਵੀ ਪੂਰੀ ਬਣਾਉਣ ਲਈ ਪੈਟਰੋਲ ਪੰਪ ਡੀਲਰਾਂ ਨੇ ਵੀ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ | ਅੱਜ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਅਮਰੀਕਾ ਵਲੋਂ ਈਰਾਨ 'ਤੇ ਹਮਲਾ ਕਰਨ ਕਰਕੇ ਕੁੱਝ ਕਮੀ ਆਈ ਹੈ ਪਰ ਤੇਲ ਕੰਪਨੀਆਂ ਨੂੰ ਹੋ ਰਹੇ ਘਾਟੇ ਕਾਰਨ ਪਰਚੂਨ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਵਿਚ ਕਮੀ ਆਉਣ ਦੀ ਸੰਭਾਵਨਾ ਨਹੀਂ ਹੈ | ਲਗਾਤਾਰ ਹੋ ਰਹੇ ਘਾਟੇ ਨੂੰ ਦੂਰ ਕਰਨ ਲਈ ਤੇਲ ਕੰਪਨੀਆਂ ਵਲੋਂ ਕੁੱਝ ਦਿਨਾਂ ਵਿਚ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 4-4 ਰੁਪਏ ਦਾ ਵਾਧਾ ਕੀਤਾ ਜਾ ਚੁੱਕਾ ਹੈ, ਜਿਸ ਨਾਲ ਤੇਲ ਕੰਪਨੀਆਂ ਨੂੰ ਪੈ ਰਿਹਾ ਰੋਜ਼ਾਨਾ ਘਾਟਾ ਹੁਣ ਅੱਧਾ ਰਹਿ ਗਿਆ ਹੈ | ਪੰਜਾਬ ਵਿਚ ਇਸ ਵੇਲੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਰੀਬ 101.49 ਰੁਪਏ ਅਤੇ 91.32 ਰੁਪਏ ਤੱਕ ਪੁੱਜ ਗਈਆਂ ਹਨ ਜਦਕਿ ਕਈ ਜ਼ਿਲਿ੍ਹਆਂ ਦੇ ਪੈਟਰੋਲ ਪੰਪ ਰਿਫਾਈਨਰੀਆਂ ਤੋਂ ਦੂਰ ਹਨ, ਉੱਥੇ ਤਾਂ ਪੈਟਰੋਲ ਦੀ ਕੀਮਤ ਵਿਚ 1 ਰੁਪਏ ਜ਼ਿਆਦਾ ਕੀਮਤ ਲਾਗੂ ਹੋ ਗਈ ਹੈ | ਡੀਜ਼ਲ ਦੀ ਕੀਮਤ ਜਿਸ ਤਰਾਂ ਨਾਲ 91.32 ਰੁਪਏ ਪ੍ਰਤੀ ਲੀਟਰ ਦੇ ਕਰੀਬ ਪੁੱਜ ਗਈ ਹੈ | ਜੂਨ ਦੇ ਦੂਜੇ ਹਫ਼ਤੇ ਤੋਂ ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤਾਂ ਇਸਨੂੰ ਦੇਖਦੇ ਹੋਏ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਇਕ ਈ-ਮੇਲ ਭੇਜ ਕੇ ਤੇਲ ਦੀ ਸਪਲਾਈ ਯਕੀਨੀ ਬਣਾਉਣ ਦੀ ਹਦਾਇਤ ਦਿੱਤੀ ਹੈ | ਪਰਮਜੀਤ ਸਿੰਘ ਦੋਆਬਾ ਦਾ ਕਹਿਣਾ ਸੀ ਕਿ ਆਉਣ ਵਾਲੇ ਝੋਨੇ ਦੀ ਬਿਜਾਈ ਦੇ ਸੀਜ਼ਨ ਵਿਚ ਕਿਸਾਨਾਂ ਵਲੋਂ ਇਕੱਠਾ ਤੇਲ ਲੈਣਾ ਹੁੰਦਾ ਹੈ ਤਾਂ ਉਨ੍ਹਾਂ ਲਈ ਤੇਲ ਕੰਪਨੀਆਂ ਨੂੰ ਸਪਲਾਈ ਖੁੱਲ੍ਹੀ ਰੱਖਣ ਦੀਆਂ ਹਦਾਇਤਾਂ ਦੇਣੀਆਂ ਚਾਹੀਦੀਆਂ ਹਨ |
ਵਧੀਆਂ ਤੇਲ ਦੀਆਂ ਕੀਮਤਾਂ ਕਰਕੇ ਕਿਸਾਨਾਂ ਲਈ ਮਹਿੰਗਾ ਰਹੇਗਾ ਝੋਨੇ ਦਾ ਸੀਜ਼ਨ
ਅਜੀਤ ਡੈਸਕ
20-05-2026