ਆਂਧਰਾ ਦੇ 'ਸਪੀਡ ਆਫ਼ ਡੂਇੰਗ ਬਿਜ਼ਨੈੱਸ' ਮਾਡਲ ਦਾ ਲਿਆ ਜਾਇਜ਼ਾ
ਐੱਸ. ਏ. ਐੱਸ. ਨਗਰ, 19 ਮਈ (ਪ੍ਰੋ. ਅਵਤਾਰ ਸਿੰਘ)-ਮੈਂਬਰ ਪਾਰਲੀਮੈਂਟ (ਰਾਜ ਸਭਾ) ਸਤਨਾਮ ਸਿੰਘ ਸੰਧੂ ਵਲੋਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਦੇ ਨਾਲ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦਾ ਮਕਸਦ ਆਂਧਰਾ 'ਚ ਆਈ ਆਰਥਿਕ ਕ੍ਰਾਂਤੀ, ਗਲੋਬਲ ਤਕਨਾਲੋਜੀ ਹੱਬ ਵਜੋਂ ਹੈਦਰਾਬਾਦ ਦਾ ਵਿਕਾਸ ਅਤੇ ਅਮਰਾਵਤੀ ਨੂੰ ਭਵਿੱਖਮੁਖੀ ਰਾਜਧਾਨੀ ਵਜੋਂ ਵਿਕਸਤ ਕਰਨ ਪਿੱਛੇ ਗਵਰਨੈਂਸ ਤੇ ਨੀਤੀਗਤ ਢਾਂਚੇ ਦਾ ਡੂੰਘਾਈ ਨਾਲ ਅਧਿਐਨ ਕਰਨਾ ਸੀ ਤਾਂ ਜੋ ਆਂਧਰਾ ਪ੍ਰਦੇਸ਼ ਦੇ ਵਿਕਾਸ ਮਾਡਲ ਦੇ ਆਧਾਰ 'ਤੇ ਹੀ ਪੰਜਾਬ ਨੂੰ ਆਰਥਿਕ ਪੱਖੋਂ ਖ਼ੁਸ਼ਹਾਲ ਸੂਬਾ ਬਣਾਉਣ ਦੀ ਰਣਨੀਤੀ ਉਲੀਕੀ ਜਾ ਸਕੇ। ਮੁਲਾਕਾਤ ਦੌਰਾਨ ਐਮ. ਪੀ. ਸੰਧੂ ਨੇ ਆਂਧਰਾ ਪ੍ਰਦੇਸ਼ ਦੇ ਸਫ਼ਲ ਗਵਰਨੈਂਸ ਮਾਡਲ, ਉਦਯੋਗਿਕ ਨੀਤੀਆਂ ਤੇ ਨਵੀਨਤਾ ਨੂੰ ਹੁਲਾਰਾ ਦੇਣ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਨੂੰ ਗਹਿਰਾਈ ਨਾਲ ਵਾਚਿਆ। ਇਸ ਮੌਕੇ ਐਮ. ਪੀ. ਸੰਧੂ ਨੇ ਉਚੇਚੇ ਤੌਰ 'ਤੇ ਆਂਧਰਾ ਦੇ 'ਸਪੀਡ ਆਫ਼ ਡੂਇੰਗ ਬਿਜ਼ਨੈੱਸ' ਮਾਡਲ ਤਹਿਤ ਤੇਜ਼ ਤਰਾਰ ਪ੍ਰਸ਼ਾਸਨ ਚਲਾਉਣ ਦੇ ਮੁੱਖ ਮੰਤਰੀ ਨਾਇਡੂ ਦੇ ਤਰੀਕੇ ਦਾ ਵਿਸ਼ਲੇਸ਼ਣ ਕੀਤਾ, ਜਿਸ ਨੇ ਆਂਧਰਾ ਪ੍ਰਦੇਸ਼ 'ਚ 8.67 ਲੱਖ ਕਰੋੜ ਰੁ. ਦੇ 216 ਪ੍ਰਾਜੈਕਟਾਂ ਨੂੰ ਆਕਰਸ਼ਿਤ ਕੀਤਾ ਹੈ। ਇਸ ਮੌਕੇ ਚੰਦਰਬਾਬੂ ਨਾਇਡੂ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਤੇ ਪੰਜਾਬ ਦੋਵਾਂ ਸੂਬਿਆਂ 'ਚ ਖੇਤੀਬਾੜੀ ਮੁੱਖ ਕਿੱਤਿਆਂ 'ਚੋਂ ਇਕ ਹੈ, ਜੋ ਇਨ੍ਹਾਂ ਦੀ ਜੀ. ਡੀ. ਪੀ. 'ਚ ਵੱਡਾ ਯੋਗਦਾਨ ਪਾਉਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਅਤੇ ਆਂਧਰਾ ਪ੍ਰਦੇਸ਼ ਮਿਲ ਕੇ ਡੀਪ ਟੈੱਕ ਕ੍ਰਾਂਤੀ 'ਚ ਹਿੱਸਾ ਲੈਣ। ਮੁਲਾਕਾਤ ਤੋਂ ਬਾਅਦ ਐਮ. ਪੀ. ਸੰਧੂ ਨੇ 'ਅਮਰਾਵਤੀ ਕੁਆਂਟਮ ਰੈਫਰੈਂਸ ਫ਼ੈਸਿਲਿਟੀ' ਦਾ ਵੀ ਦੌਰਾ ਕੀਤਾ।
ਐਮ.ਪੀ. ਸਤਨਾਮ ਸਿੰਘ ਸੰਧੂ ਵਲੋਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨਾਲ ਮੁਲਾਕਾਤ
ਅਜੀਤ ਡੈਸਕ
20-05-2026