ਚੌਕ ਮਹਿਤਾ, 19 ਮਈ (ਜਗਦੀਸ਼ ਸਿੰਘ ਬਮਰਾਹ)-ਰਾਣਾ ਸ਼ੂਗਰ ਮਿੱਲ ਬੁੱਟਰ ਸਿਵੀਆਂ ਕਿਸਾਨਾਂ ਦੇ ਹਿੱਤਾਂ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਚੁਕੰਦਰ ਦੀ ਪੁਟਾਈ-ਪਿੜਾਈ ਦੇ ਮਾਮਲੇ ਵਿਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ | ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਰਾਣਾ ਸ਼ੂਗਰ ਮਿੱਲ ਦੇ ਸੀਨੀਅਰ ਅਫਸਰ ਅਮਰੀਕ ਸਿੰਘ ਬੁੱਟਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਵਿਚ ਮਿਲ ਦੇ ਮੇਨ ਹਿੱਸੇ ਬੁਆਇਲਰ ਵਿਚ ਕੋਈ ਬਹੁਤ ਵੱਡੀ ਤਕਨੀਕੀ ਖ਼ਰਾਬੀ ਆਉਣ ਕਰਕੇ ਇਸ ਨੂੰ ਮੁਰੰਮਤ ਕਰਨ ਲਈ ਤਕਰੀਬਨ 20 ਦਿਨ ਲੱਗ ਗਏ, ਪਰ ਅਸੀਂ ਚੁਕੰਦਰ ਮਿੱਲ ਨੂੰ ਚਲਾਉਣ ਲਈ ਬਦਲਵੇਂ ਰੂਪ ਵਿਚ ਆਪਣਾ ਐਥਾਨੋਲ ਦਾ ਪਲਾਂਟ ਬੰਦ ਕਰਕੇ ਚੁਕੰਦਰ ਦੀ ਪੁਟਾਈ ਅੱਧੀ ਕਪੈਸਿਟੀ 'ਤੇ ਕੀਤੀ ਹੈ | ਇਸ ਨਾਲ ਪੁਟਾਈ ਥੋੜ੍ਹੀ ਲੇਟ ਹੋਣ ਕਾਰਨ ਜ਼ਿਮੀਦਾਰਾਂ ਵਿਚ ਕੁਝ ਪਰੇਸ਼ਾਨੀ ਬਣੀ ਹੋਈ ਸੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਸਮੱਸਿਆ ਪਹਿਲਾਂ ਕਦੀ ਵੀ ਪੇਸ਼ ਨਹੀਂ ਸੀ ਆਈ | ਪਰ ਹੁਣ ਮਿਲ ਦੇ ਬੁਆਇਲਰ ਨੇ ਪੂਰੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਮਿਲ ਆਪਣੀ ਪੂਰੀ ਸਮਰਥਾ ਤੇ ਚੁਕੰਦਰ ਦੀ ਪਿੜਾਈ ਕਰ ਰਹੀ ਹੈ | ਅਖ਼ੀਰ ਵਿਚ ਉਨ੍ਹਾਂ ਨੇ ਕਿਸਾਨਾਂ ਵਲੋਂ ਵੀ ਇਸ ਮੁਸ਼ਕਿਲ ਦੇ ਸਮੇਂ ਵਿਚ ਪੂਰਾ ਸਹਿਯੋਗ ਦਿੱਤੇ ਜਾਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅਸੀਂ ਹਰ ਇਕ ਚੁਕੰਦਰ ਉਤਪਾਦਕ ਕਿਸਾਨ ਦੇ ਕੋਲ ਜਾ ਕੇ ਉਸਨੂੰ ਕਿਸੇ ਵੀ ਤਰ੍ਹਾਂ ਦੀ ਦਰਪੇਸ਼ ਮੁਸ਼ਕਿਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ |
ਰਾਣਾ ਸ਼ੂਗਰ ਮਿੱਲ, ਚੁਕੰਦਰ ਦੀ ਪਿੜਾਈ ਵਾਸਤੇ ਕਿਸਾਨਾਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ-ਅਮਰੀਕ ਸਿੰਘ ਬੁੱਟਰ
ਅਜੀਤ ਡੈਸਕ
20-05-2026