ਚੰਡੀਗੜ੍ਹ, 19 ਮਈ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਗੋਪੀ ਨਿੱਜਰ ਹੱਤਿਆ ਮਾਮਲੇ ਵਿਚ ਲੋੜੀਂਦੇ ਸ਼ੂਟਰਾਂ ਸਮੇਤ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜੋਬਨਪ੍ਰੀਤ ਸਿੰਘ ਵਾਸੀ ਪਿੰਡ ਪੱਖੋਕੇ ਤਹਿ. ਸ੍ਰੀ ਖਡੂਰ ਸਾਹਿਬ , ਅਜੈਪਾਲ ਸਿੰਘ ਵਾਸੀ ਪਿੰਡ ਦੀਨੇਵਾਲ ਤਹਿ. ਸ੍ਰੀ ਖਡੂਰ ਸਾਹਿਬ ਅਤੇ ਪ੍ਰਭਜੋਤ ਸਿੰਘ ਵਾਸੀ ਪਿੰਡ ਪੁਰਾਣਾ ਤਹਿ. ਬਟਾਲਾ ਵਜੋਂ ਹੋਈ ਹੈ | ਪੁਲਿਸ ਵਲੋਂ ਇਨ੍ਹਾਂ ਦੇ ਕਬਜ਼ੇ ਵਿਚੋਂ ਜ਼ਿਗਨਾ ਪਿਸਤੌਲ ਸਮੇਤ ਕੁੱਲ 3 ਪਿਸਤੌਲਾਂ ਅਤੇ ਪੰਜ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਪੀ. ਆਪੇ੍ਰਸ਼ਨ ਗੀਤਾਂਜਲੀ ਖੰਡੇਲਵਾਲ ਨੇ ਦੱਸਿਆ ਕਿ ਇੰਸਪੈਕਟਰ ਸਤਵਿੰਦਰ ਦੀ ਨਿਗਰਾਨੀ ਵਾਲੀ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਡੋਨੀ ਬਾਲ ਅਤੇ ਮੁਹੱਬਤ ਰੰਧਾਵਾ ਗੈਂਗ ਦੇ ਮੈਂਬਰ ਚੰਡੀਗੜ੍ਹ ਵਿਚ ਸੋਮਵਾਰ ਨੂੰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਘੁੰਮ ਰਹੇ ਹਨ | ਸੂਚਨਾ ਦੇ ਆਧਾਰ 'ਤੇ ਪੁਲਿਸ ਟੀਮ ਵਲੋਂ ਉਕਤ ਵਿਅਕਤੀਆਂ ਦਾ ਪਿੱਛਾ ਕੀਤਾ ਗਿਆ ਤੇ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਪਹੁੰਚ ਕੇ ਨਾਕਾਬੰਦੀ ਕੀਤੀ ਗਈ | ਨਾਕਾਬੰਦੀ ਨੂੰ ਦੇਖਦੇ ਹੀ ਮੁਲਜ਼ਮਾਂ ਵਲੋਂ ਪੁਲਿਸ ਟੀਮ 'ਤੇ ਗੋਲੀਆਂ ਚਲਾ ਦਿੱਤੀਆਂ | ਉਪਰੰਤ ਉਕਤ ਮੁਲਜ਼ਮਾਂ ਵਲੋਂ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਗਿਆ | ਐੱਸ.ਪੀ. ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਗਿ੍ਫ਼ਤਾਰ ਮੁਲਜ਼ਮਾਂ ਵਿਚੋਂ ਦੋ ਸੁੱਖਾ ਕਾਲਵਾਂ ਹੱਤਿਆਕਾਂਡ ਦੀ ਮੁੱਖ ਗਵਾਹ ਗੋਪੀ ਨਿੱਜਰ ਦੀ ਹੱਤਿਆ ਵਿਚ ਸ਼ੂਟਰ ਵਜੋਂ ਸ਼ਾਮਿਲ ਸਨ, ਜਦਕਿ ਤੀਜੇ ਮੁਲਜ਼ਮ ਨੇ ਸਹਿ-ਮੁਲਜ਼ਮ ਵਜੋਂ ਭੂਮਿਕਾ ਨਿਭਾਈ ਸੀ | ਪੁਲਿਸ ਅਨੁਸਾਰ ਤਿੰਨਾਂ ਮੁਲਜ਼ਮਾਂ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਹੈ |
ਗੋਪੀ ਨਿੱਜਰ ਹੱਤਿਆ ਮਾਮਲੇ 'ਚ ਲੋੜੀਂਦੇ ਸ਼ੂਟਰ ਪੁਲਿਸ ਮੁਕਾਬਲੇ ਉਪਰੰਤ ਗਿ੍ਫ਼ਤਾਰ <br/>
ਅਜੀਤ ਡੈਸਕ
20-05-2026