21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

328 ਪਾਵਨ ਸਰੂਪਾਂ ਦੇ ਮਾਮਲੇ 'ਚ ਐਸ.ਆਈ.ਟੀ. ਤੇ ਸ਼੍ਰੋਮਣੀ ਕਮੇਟੀ ਆਹਮੋ-ਸਾਹਮਣੇ <br/>

ਅਜੀਤ ਡੈਸਕ 29-05-2026
ਚੰਡੀਗੜ੍ਹ, 28 ਮਈ (ਪ੍ਰੋ. ਅਵਤਾਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਪਾਵਨ ਸਰੂਪਾਂ ਨਾਲ ਸੰਬੰਧਿਤ ਮਾਮਲੇ ਦੀ ਜਾਂਚ ਦੌਰਾਨ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਅਤੇ ਸ਼੍ਰੋਮਣੀ ਕਮੇਟੀ ਵਿਚਕਾਰ ਤਣਾਅ ਵਧਦਾ ਨਜ਼ਰ ਆ ਰਿਹਾ ਹੈ | ਅੰਮਿ੍ਤਸਰ ਦੇ ਥਾਣਾ ਡਵੀਜ਼ਨ-ਸੀ ਵਿਚ ਮੁਕੱਦਮਾ ਨੰਬਰ 168 ਮਿਤੀ 7 ਦਸੰਬਰ 2025 ਤਹਿਤ ਧਾਰਾ 295 ਅਤੇ 295ਏ ਅਧੀਨ ਦਰਜ ਮਾਮਲੇ ਦੀ ਜਾਂਚ ਲਈ ਅੱਜ ਐਸ.ਆਈ.ਟੀ. ਟੀਮ ਮੁੜ ਚੰਡੀਗੜ੍ਹ ਸਥਿਤ ਸ਼੍ਰੋਮਣੀ ਕਮੇਟੀ ਦੇ ਉਪ ਦਫ਼ਤਰ ਪਹੁੰਚੀ | ਜਾਂਚ ਟੀਮ ਵਿਚ ਐਸ.ਪੀ.ਡੀ. ਪਟਿਆਲਾ ਗੁਰਬੰਸ ਸਿੰਘ ਬੈਂਸ, ਐਸ.ਪੀ. ਸੁਖਨਾਜ ਸਿੰਘ, ਏ.ਸੀ.ਪੀ. ਹਰਜਿੰਦਰ ਸਿੰਘ ਅਤੇ ਐਸ.ਐਚ.ਓ. ਰਾਜਵੰਤ ਕੌਰ ਸ਼ਾਮਿਲ ਸਨ | ਐਸ.ਪੀ.ਡੀ. ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਕੁੱਲ 16 ਮੁਲਜ਼ਮ ਨਾਮਜ਼ਦ ਹਨ, ਜਿਨ੍ਹਾਂ ਵਿਚੋਂ ਦੋ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ 9 ਮੁਲਜ਼ਮ ਜਾਂਚ ਵਿਚ ਸ਼ਾਮਲ ਹੋ ਕੇ ਪੁੱਛਗਿੱਛ ਦਾ ਸਾਹਮਣਾ ਕਰ ਚੁੱਕੇ ਹਨ | ਕੁਝ ਹੋਰ ਮੁਲਜ਼ਮਾਂ ਦੀਆਂ ਅਗਾਊਾ ਜ਼ਮਾਨਤ ਅਰਜ਼ੀਆਂ ਹਾਈ ਕੋਰਟ ਵਿਚ ਵਿਚਾਰ ਅਧੀਨ ਹਨ | ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਐਸ.ਆਈ.ਟੀ ਵਲੋਂ ਸਮੇਂ-ਸਮੇਂ 'ਤੇ ਸ਼੍ਰੋਮਣੀ ਕਮੇਟੀ ਕੋਲੋਂ ਲੋੜੀਂਦੇ ਦਸਤਾਵੇਜ਼ ਮੰਗੇ ਜਾਂਦੇ ਰਹੇ ਹਨ ਪਰ ਕਈ ਮਹੱਤਵਪੂਰਨ ਅਤੇ ਕੇਸ ਨਾਲ ਸੰਬੰਧਤ ਅਸਲ ਦਸਤਾਵੇਜ਼ ਅਜੇ ਤੱਕ ਨਹੀਂ ਦਿੱਤੇ ਗਏ | ਬੈਂਸ ਨੇ ਕਿਹਾ ਕਿ ਅੱਜ ਵੀ ਸਿਰਫ਼ ਫੋਟੋ ਕਾਪੀਆਂ ਅਤੇ ਤਸਦੀਕਸ਼ੁਦਾ ਕਾਪੀਆਂ ਹੀ ਸੌਂਪੀਆਂ ਗਈਆਂ ਹਨ | ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਇਸ ਮਾਮਲੇ ਵਿਚ ਅਗਲਾ ਕਾਨੂੰਨੀ ਕਦਮ ਚੁੱਕਦਿਆਂ ਅਦਾਲਤ ਦਾ ਰੁਖ ਕੀਤਾ ਜਾਵੇਗਾ ਤਾਂ ਜੋ ਲੋੜੀਂਦੇ ਅਸਲ ਦਸਤਾਵੇਜ਼ ਹਾਸਲ ਕੀਤੇ ਜਾ ਸਕਣ | ਉਧਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਕ ਵੱਖਰੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਜਾਂਚ ਟੀਮ ਨੂੰ ਚੌਥੀ ਵਾਰ ਮੰਗਿਆ ਗਿਆ ਰਿਕਾਰਡ ਸੌਂਪਿਆ ਗਿਆ ਹੈ ਅਤੇ ਕਮੇਟੀ ਪੂਰੀ ਪਾਰਦਰਸ਼ਤਾ ਨਾਲ ਸਹਿਯੋਗ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਜਾਂਚ ਟੀਮ ਵਲੋਂ ਅਦਾਲਤ ਵਿਚ ਇਹ ਹਲਫ਼ਨਾਮਾ ਦਾਇਰ ਕਰਨਾ ਕਿ ਸ਼੍ਰੋਮਣੀ ਕਮੇਟੀ ਸਹਿਯੋਗ ਨਹੀਂ ਕਰ ਰਹੀ, ਪੂਰੀ ਤਰ੍ਹਾਂ ਝੂਠਾ ਦਾਅਵਾ ਹੈ | ਧਾਮੀ ਨੇ ਕਿਹਾ ਕਿ ਸੌਂਪੇ ਗਏ ਦਸਤਾਵੇਜ਼ਾਂ ਸੰਬੰਧੀ ਵੀਡੀਓ ਰਿਕਾਰਡ ਵੀ ਸ਼੍ਰੋਮਣੀ ਕਮੇਟੀ ਕੋਲ ਮੌਜੂਦ ਹੈ ਅਤੇ ਜੇਕਰ ਜਾਂਚ ਟੀਮ ਵਲੋਂ ਅਦਾਲਤ ਵਿਚ ਗਲਤ ਬਿਆਨੀ ਜਾਰੀ ਰਹੀ ਤਾਂ ਇਹ ਵੀਡੀਓ ਅਤੇ ਰਿਕਾਰਡ ਜਨਤਕ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਜੇਕਰ ਅਦਾਲਤ ਆਦੇਸ਼ ਕਰੇਗੀ ਤਾਂ ਅਸਲ ਰਿਕਾਰਡ ਵੀ ਪੇਸ਼ ਕੀਤਾ ਜਾਵੇਗਾ | ਇਸ ਮੌਕੇ ਸ਼ੋ੍ਰਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ, ਅੰਤਿੰ੍ਰਗ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ, ਗੁਰਪ੍ਰੀਤ ਸਿੰਘ ਝੱਬਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਗੁਰਚਰਨ ਸਿੰਘ ਗਰੇਵਾਲ, ਪਰਮਜੀਤ ਸਿੰਘ ਲੱਖੇਵਾਲ, ਐਡਵੋਕੇਟ ਅਮਨਬੀਰ ਸਿੰਘ ਸਿਆਲੀ (ਕਾਨੂੰਨੀ ਸਲਾਹਕਾਰ), ਰਾਜਿੰਦਰ ਸਿੰਘ ਰੂਬੀ (ਮੈਨੇਜਰ ਸ੍ਰੀ ਦਰਬਾਰ ਸਾਹਿਬ), ਬਲਵਿੰਦਰ ਸਿੰਘ ਕਾਹਲਵਾਂ (ਸਕੱਤਰ), ਲਖਵੀਰ ਸਿੰਘ (ਵਧੀਕ ਸਕੱਤਰ), ਸ਼ਾਹਬਾਜ਼ ਸਿੰਘ (ਨਿੱਜੀ ਸਕੱਤਰ), ਸਤਬੀਰ ਸਿੰਘ ਧਾਮੀ (ਓ.ਐਸ.ਡੀ), ਗੁਰਨਾਮ ਸਿੰਘ (ਮੀਤ ਸਕੱਤਰ), ਹਰਭਜਨ ਸਿੰਘ ਵਕਤਾ (ਮੀਤ ਸਕੱਤਰ) ਆਦਿ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦੇ ਹੋਰ ਵੀ ਅਧਿਕਾਰੀ ਹਾਜ਼ਰ ਸਨ |
ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਮੋਹਾਲੀ ਵਿਖੇ 'ਸਿਟ' ਕੋਲ ਦਰਜ ਕਰਵਾਏ ਬਿਆਨ
ਲਾਪਤਾ ਸਰੂਪਾਂ ਦੀ ਜਾਂਚ ਕਰ ਰਹੀ ਨਾਨਕ ਸਿੰਘ (ਡੀ.ਆਈ.ਜੀ. ਰੂਪਨਗਰ ਰੇਂਜ) ਦੀ ਅਗਵਾਈ ਵਿਚ ਵਿਸ਼ੇਸ਼ ਜਾਂਚ ਟੀਮ (ਸਿਟ) ਅੱਗੇ ਅੱਜ ਮੋਹਾਲੀ ਵਿਖੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਪੇਸ਼ ਹੋ ਕੇ ਆਪੋ ਆਪਣੇ ਬਿਆਨ ਦਰਜ ਕਰਾਏ ਹਨ | ਬਿਆਨ ਦਰਜ ਕਰਵਾਉਣ ਵਾਲਿਆਂ ਵਿਚ ਕਲਰਕ ਬਲਵਿੰਦਰ ਸਿੰਘ ਬੰਟੀ ਤੋਂ ਇਲਾਵਾ ਗੁਰਬਚਨ ਸਿੰਘ, ਕੰਵਲਜੀਤ ਸਿੰਘ ਅਤੇ ਪਰਮਬੀਰ ਸਿੰਘ ਸ਼ਾਮਿਲ ਹਨ |

ਪਿਛਲੀ ਖ਼ਬਰ ਪਾਵਨ ਸਰੂਪ ਮਾਮਲੇ 'ਚ ਸ਼੍ਰੋਮਣੀ ਕਮੇਟੀ ਨਹੀਂ ਕਰ ਰਹੀ ਸਹਿਯੋਗ-ਐਸ.ਆਈ.ਟੀ. ਨੇ ਹਾਈ ਕੋਰਟ ਨੂੰ ਦੱਸਿਆ <br/> ਅਗਲੀ ਖ਼ਬਰ ਬੰਬੀਹਾ ਗੈਂਗ ਨਾਲ ਜੁੜਿਆ ਜੱਸਾ ਹੁਸ਼ਿਆਰਪੁਰੀਆ ਮੁੰਬਈ ਪੁਲਿਸ ਵਲੋਂ ਕਾਬੂ ਪਰਿਵਾਰ ਵਲੋਂ ਇਨਸਾਫ਼ ਲਈ ਗੁਹਾਰ, ਝੂਠਾ ਮੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।