ਸਾਡੇ ਪਰਿਵਾਰ ਤੇ ਪੂਰੀ ਕੌਮ ਨੂੰ ਪਿਤਾ ਜੀ ਦੀ ਸ਼ਹਾਦਤ 'ਤੇ ਮਾਣ-ਭਾਈ ਕੁਲਵਿੰਦਰ ਸਿੰਘ
ਅੰਮਿ੍ਤਸਰ, 4 ਜੂਨ (ਜਸਵੰਤ ਸਿੰਘ ਜੱਸ)-ਜੂਨ 1984 ਦੇ ਸਾਕਾ ਨੀਲਾ ਤਾਰਾ ਦੌਰਾਨ ਜਿੱਥੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ, ਜਨਰਲ ਸ਼ੁਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ ਸਮੇਤ ਹੋਰ ਯੋਧਿਆਂ ਅਤੇ ਸ਼ਰਧਾਲੂਆਂ ਦੀਆਂ ਸ਼ਹਾਦਤਾਂ ਹੋਈਆਂ ਉੱਥੇ ਸਾਬਕਾ ਫੌਜੀ ਤੇ ਅਕਾਲ ਤਖਤ ਸਾਹਿਬ ਵਿਖੇ ਅਖੰਡ ਪਾਠੀ ਵਜੋਂ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਉਣ ਵਾਲੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬਰਿਆਰ ਦੇ ਵਾਸੀ ਗਿਆਨੀ ਕਰਤਾਰ ਸਿੰਘ ਬਰਿਆਰ ਨੇ ਵੀ ਭਾਰੀ ਗੋਲਾਬਾਰੀ ਦੌਰਾਨ ਮਰਿਆਦਾ, ਗੁਰੂ ਪ੍ਰਤੀ ਸ਼ਰਧਾ ਸਤਿਕਾਰ ਦਾ ਪਾਲਣ ਕਰਦਿਆਂ ਅਤੇ ਅਖੰਡ ਪਾਠ ਦੇ ਪਾਠੀ ਸਿੰਘ ਵਜੋਂ ਡਿਉੂਟੀ ਨਿਭਾਉਂਦਿਆਂ ਹੋਇਆਂ ਆਪਣੀ ਸ਼ਹਾਦਤ ਦਿੱਤੀ ਸੀ | ਜਰਮਨੀ ਤੋਂ ਪਰਿਵਾਰ ਸਮੇਤ ਉਚੇਚੇ ਤੌਰ 'ਤੇ ਪੁੱਜੇ ਸ਼ਹੀਦ ਗਿਆਨੀ ਬਰਿਆਰ ਦੇ ਸਪੁੱਤਰ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਨਹਾਈਮ ਜਰਮਨੀ ਦੇ ਮੁੱਖ ਗ੍ਰੰਥੀ ਭਾਈ ਕੁਲਵਿੰਦਰ ਸਿੰਘ ਨੇ ਅੱਜ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਸ਼ਹੀਦੀ ਗੈਲਰੀ ਵਿਖੇ ਲੱਗੀ ਆਪਣੇ ਪਿਤਾ ਗਿਆਨੀ ਬਰਿਆਰ ਦੀ ਤਸਵੀਰ ਕੋਲ ਸਤਿਕਾਰ ਭੇਟ ਕੀਤਾ | ਉਨ੍ਹਾਂ 'ਅਜੀਤ' ਦੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਗਿਆਨੀ ਕਰਤਾਰ ਸਿੰਘ (ਉਮਰ ਕਰੀਬ 65 ਸਾਲ), ਜੋ ਪਹਿਲਾਂ ਫੌਜ ਵਿਚ ਸਨ, ਬਾਅਦ ਦੋ ਢਾਈ ਦਹਾਕਿਆਂ ਤੋਂ ਅਕਾਲ ਤਖਤ ਸਹਿਬ ਵਿਖੇ ਅਖੰਡ ਪਾਠੀ ਸਿੰਘ ਵਜੋਂ ਸੇਵਾਵਾਂ ਨਿਭਾਅ ਰਹੇ ਸਨ | ਉਨ੍ਹਾਂ ਦੱਸਿਆ ਕਿ 4 ਜੂਨ 1984 ਨੂੰ ਫੌਜੀ ਹਮਲਾ ਸ਼ੁਰੂ ਹੋਣ ਤੋਂ ਬਾਅਦ ਉਹ ਆਪਣੀ ਪਾਠੀ ਸਿੰਘ ਦੀ ਡਿਉੂਟੀ 5 ਜੂਨ ਨੂੰ ਸ੍ਰੀ ਕੋਠਾ ਸਾਹਿਬ ਅਕਾਲ ਤਖਤ ਸਾਹਿਬ ਵਿਖੇ ਅਖੰਡ ਪਾਠ ਦੀ ਸੇਵਾ ਨਿਭਾਉਣ ਗਏ ਸਨ | ਉਨ੍ਹਾਂ ਕਿਹਾ ਕਿ ਭਾਰੀ ਗੋਲਾਬਾਰੀ ਕਾਰਨ ਅਗਲੀ ਵਾਰੀ ਵਾਲੇ ਪਾਠੀ ਸਿੰਘ ਦੇ ਨਾ ਆਉਣ 'ਤੇ ਉਨ੍ਹਾਂ ਨੇ 8 ਘੰਟੇ ਦੇ ਕਰੀਬ ਲਗਾਤਾਰ ਅਖੰਡ ਪਾਠ ਕਰਨ ਦੀ ਡਿਊਟੀ ਨਿਭਾਈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਖਤ ਸਾਹਿਬ ਦੇ ਗ੍ਰੰਥੀ ਸਿੰਘ ਤੇ ਸਟਾਫ ਨੇ ਗੋਲੀਬਾਰੀ ਕਾਰਨ 5 ਜੂਨ ਨੂੰ ਅਖੰਡ ਪਾਠ ਸਾਹਿਬ ਦਾ ਸੁੱਖਆਸਨ ਕਰਕੇ ਘਰ ਚਲੇ ਜਾਣ ਦੀ ਸਲਾਹ ਦਿੱਤੀ, ਪਰ ਉਨ੍ਹਾਂ ਨੇ ਅਖੰਡ ਪਾਠ ਸਾਹਿਬ ਸੰਪੂਰਨ ਹੋਣ ਤੱਕ ਇਕੱਲਿਆਂ ਹੀ ਪਾਠ ਕਰਨ ਦੀ ਸੇਵਾ ਕਰਨ ਦਾ ਫੈਸਲਾ ਕੀਤਾ | ਪਰ 8 ਘੰਟੇ ਬਾਅਦ ਫੌਜ ਦੀ ਗੋਲਾਬਾਰੀ ਹੋਰ ਜ਼ਿਆਦਾ ਤੇਜ਼ ਹੋਣ ਕਾਰਣ ਉਹ ਸੰਪੂਰਨਤਾ ਤੋਂ ਪਹਿਲਾਂ ਹੀ ਅਖੰਡ ਪਾਠ ਕਰਦੇ ਹੋਏ ਪਾਵਨ ਸਰੂਪ ਦੀ ਗੋਦ ਵਿਚ ਹੀ ਸ਼ਹੀਦ ਹੋ ਗਏ | ਉਨ੍ਹਾਂ ਦੱਸਿਆ ਕਿ ਉਹ ਵੀ ਫੌਜ ਵਿਚ ਸਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਕਈ ਮਹੀਨੇ ਬਾਅਦ ਆਪਣੇ ਪਿਤਾ ਦੀ ਮਹਾਨ ਸ਼ਹਾਦਤ ਦਾ ਪਤਾ ਲੱਗਾ | ਭਾਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉੁਹ ਤੇ ਉਨ੍ਹਾਂ ਦਾ ਪਰਿਵਾਰ ਹਰ ਸਾਲ ਜਰਮਨੀ ਤੋਂ ਘੱਲੂਘਾਰੇ ਦਿਹਾੜੇ ਮੌਕੇ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜਦੇ ਹਨ ਤੇ ਆਪਣੇ ਪਿਤਾ ਜੀ ਨੂੰ ਸ਼ਰਧਾ ਸਤਿਕਾਰ ਭੇਟ ਕਰਦਿਆਂ ਉਨ੍ਹਾਂ ਵਲੋਂ ਦਿੱਤੀ ਸ਼ਹਾਦਤ 'ਤੇ ਮਾਣ ਮਹਿਸੂਸ ਕਰਦੇ ਹਨ |
ਜੂਨ 1984 ਘੱਲੂਘਾਰਾ 'ਤੇ ਵਿਸ਼ੇਸ਼-ਗਿਆਨੀ ਕਰਤਾਰ ਸਿੰਘ ਬਰਿਆਰ ਨੇ 5 ਜੂਨ 1984 ਨੂੰ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਦੀ 8 ਘੰਟੇ ਲਗਾਤਾਰ ਡਿਊਟੀ ਕਰਦਿਆਂ ਦਿੱਤੀ ਸੀ ਸ਼ਹਾਦਤ
ਅਜੀਤ ਡੈਸਕ
05-06-2026