15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਪੰਜਾਬ ਸਿਵਲ ਸਕੱਤਰੇਤ ਸਮੇਤ ਸੂਬੇ ਦੇ 5 ਪ੍ਰਮੁੱਖ ਮੰਦਿਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ <br/>

ਅਜੀਤ ਡੈਸਕ 05-06-2026

ਚੰਡੀਗੜ੍ਹ, 4 ਜੂਨ (ਕਪਿਲ ਵਧਵਾ)-ਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਮਗਰੋਂ ਵੀਰਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਦੀਆਂ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ਹੋ ਗਈਆਂ | ਵੱਖ-ਵੱਖ ਸਰਕਾਰੀ ਈ-ਮੇਲ ਪੱਤਿਆਂ 'ਤੇ ਭੇਜੀ ਗਈ ਧਮਕੀ ਭਰੀ ਈ-ਮੇਲ ਵਿਚ ਪੰਜਾਬ ਦੇ ਪੰਜ ਪ੍ਰਸਿੱਧ ਹਿੰਦੂ ਮੰਦਰਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ | ਸਾਈਬਰ ਪੁਲਿਸ ਅਤੇ ਜਾਂਚ ਏਜੰਸੀਆਂ ਈ-ਮੇਲ ਭੇਜਣ ਵਾਲਿਆਂ ਦੀ ਪਛਾਣ ਕਰਨ ਅਤੇ ਇਸ ਦੇ ਪਿੱਛੇ ਮੌਜੂਦ ਤੱਤਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀਆਂ ਹਨ | ਮਿਲੀ ਜਾਣਕਾਰੀ ਅਨੁਸਾਰ ਧਮਕੀ ਵਿਚ ਅੰਮਿ੍ਤਸਰ ਸਥਿਤ ਦੁਰਗਿਆਣਾ ਮੰਦਿਰ, ਪਠਾਨਕੋਟ ਦਾ ਮੁਕਤੇਸ਼ਵਰ ਮੰਦਿਰ, ਜਲੰਧਰ ਦਾ ਦੇਵੀ ਤਲਾਬ ਮੰਦਿਰ, ਬਠਿੰਡਾ ਦਾ ਮਾਈਸਰਖਾਨਾ ਮੰਦਿਰ ਅਤੇ ਪਟਿਆਲਾ ਦਾ ਕਾਲੀ ਮਾਤਾ ਮੰਦਿਰ ਸ਼ਾਮਿਲ ਹਨ | ਈ-ਮੇਲ ਵਿਚ ਦਾਅਵਾ ਕੀਤਾ ਗਿਆ ਕਿ 6 ਜੂਨ ਨੂੰ ਦੁਪਹਿਰ 1:11 ਵਜੇ ਤੋਂ 3:11 ਵਜੇ ਦੇ ਦਰਮਿਆਨ ਧਮਾਕੇ ਕੀਤੇ ਜਾਣਗੇ | ਇਸ ਵਿਚ 1984 ਵਿਚ ਸ੍ਰੀ ਦਰਬਾਰ ਸਾਹਿਬ 'ਤੇ ਹੋਈ ਫੌਜੀ ਕਾਰਵਾਈ ਦਾ ਬਦਲਾ ਲੈਣ ਦੀ ਗੱਲ ਵੀ ਲਿਖੀ ਗਈ ਹੈ | ਧਮਕੀ ਮਿਲਣ ਤੋਂ ਬਾਅਦ ਪੰਜਾਬ ਸਿਵਲ ਸਕੱਤਰੇਤ ਦੇ ਕੰਟਰੋਲ ਰੂਮ ਨੇ ਤੁਰੰਤ ਪੁਲਿਸ, ਬੰਬ ਨਿਰੋਧਕ ਦਸਤੇ ਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕੀਤਾ | ਇਸ ਉਪਰੰਤ ਸਕੱਤਰੇਤ ਕੰਪਲੈਕਸ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ | ਸੁਰੱਖਿਆ ਕਰਮਚਾਰੀਆਂ ਵਲੋਂ ਇਮਾਰਤ ਦੇ ਵੱਖ-ਵੱਖ ਹਿੱਸਿਆਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ, ਪਰ ਸ਼ੁਰੂਆਤੀ ਜਾਂਚ ਦੌਰਾਨ ਕੋਈ ਵੀ ਸ਼ੱਕੀ ਵਸਤੂ ਜਾਂ ਧਮਾਕਾਖੇਜ਼ ਸਮੱਗਰੀ ਨਹੀਂ ਮਿਲੀ | ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਈ ਜਾਣਕਾਰੀ ਅਨੁਸਾਰ ਈ-ਮੇਲ ਵਿਚ ਖਾਲਿਸਤਾਨ ਨੈਸ਼ਨਲ ਆਰਮੀ ਦਾ ਜ਼ਿਕਰ ਕਰਦਿਆਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਸਨ ਤੇ ਹਿੰਦੂ ਮੰਦਿਰਾਂ ਨੂੰ ਬੰਬਾਂ ਅਤੇ ਗ੍ਰਨੇਡਾਂ ਨਾਲ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਸੀ | ਉਕਤ ਧਮਕੀ ਭਰੀ ਈ-ਮੇਲ ਦਾ ਇਕ ਸਕਰੀਨਸ਼ੋਟ ਵੀ ਸਾਹਮਣੇ ਆਇਆ ਹੈ ਜਿਸ ਦੀ ਪੁਸ਼ਟੀ ਅਦਾਰਾ 'ਅਜੀਤ' ਨਹੀਂ ਕਰਦਾ ਹੈ | ਇਸ ਤੋਂ ਇਲਾਵਾ ਲੋਕਾਂ ਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਕਰਨ ਅਤੇ 5 ਤੇ 6 ਜੂਨ ਦੌਰਾਨ ਸਫ਼ਰ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ | ਇਸ ਤੋਂ ਪਹਿਲਾਂ ਕਈ ਸਕੂਲਾਂ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਜ਼ਿਲ੍ਹਾ ਅਦਾਲਤਾਂ ਅਤੇ ਪਾਸਪੋਰਟ ਦਫ਼ਤਰ ਨੂੰ ਵੀ ਈ-ਮੇਲ ਰਾਹੀਂ ਅਜਿਹੀਆਂ ਧਮਕੀਆਂ ਦਿੱਤੀਆਂ ਗਈਆਂ ਸਨ | ਹਾਲਾਂਕਿ ਹਰ ਮਾਮਲੇ ਵਿਚ ਸੁਰੱਖਿਆ ਏਜੰਸੀਆਂ ਵਲੋਂ ਕੀਤੀ ਗਈ ਜਾਂਚ ਦੌਰਾਨ ਕੋਈ ਵੀ ਵਿਸਫੋਟਕ ਸਮੱਗਰੀ ਬਰਾਮਦ ਨਹੀਂ ਹੋਈ |
ਸ੍ਰੀ ਦੇਵੀ ਤਲਾਬ ਮੰਦਿਰ 'ਚ ਸੁਰੱਖਿਆ ਏਜੰਸੀਆਂ ਨੇ ਵਧਾਈ ਚੌਕਸੀ
ਮਕਸੂਦਾਂ (ਸੌਰਵ ਮਹਿਤਾ)-ਪੰਜਾਬ ਦੇ ਪ੍ਰਸਿੱਧ ਧਾਰਮਿਕ ਅਸਥਾਨ ਸ਼੍ਰੀ ਦੇਵੀ ਤਲਾਬ ਮੰਦਿਰ ਨੂੰ ਈ-ਮੇਲ ਰਾਹੀਂ ਬੰਬ ਧਮਾਕੇ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਹਨ | ਧਮਕੀ ਮਿਲਦੇ ਹੀ ਜਲੰਧਰ ਪੁਲਿਸ, ਬੰਬ ਨਿਰੋਧਕ ਦਸਤਾ ਤੇ ਡਾਗ ਸਕੁਐਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਮੰਦਿਰ ਪਰਿਸਰ, ਪਾਰਕਿੰਗ ਅਤੇ ਆਸ-ਪਾਸ ਦੇ ਖੇਤਰ ਦੀ ਗਹਿਰਾਈ ਨਾਲ ਜਾਂਚ ਕੀਤੀ | ਜਾਂਚ ਦੌਰਾਨ ਕੋਈ ਵੀ ਸ਼ੱਕੀ ਵਸਤੂ ਜਾਂ ਧਮਾਕਾਖੇਜ਼ ਸਮੱਗਰੀ ਬਰਾਮਦ ਨਹੀਂ ਹੋਈ |

ਪਿਛਲੀ ਖ਼ਬਰ ਪਿੰਡ ਲੱਖੂਵਾਲ ਨੇੜੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਅਗਲੀ ਖ਼ਬਰ ਭਾਈ ਹਵਾਰਾ ਦੀ ਪੈਰੋਲ ਪਟੀਸ਼ਨ 'ਤੇ ਦਿੱਲੀ ਦੇ ਡੀ.ਜੀ.ਪੀ. ਜੇਲ੍ਹਾਂ ਨੂੰ ਮੁੜ ਨੋਟਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।