14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਮਜੀਠੀਆ ਤੇ 50 ਤੋਂ ਵੱਧ ਹੋਰਾਂ ਖ਼ਿਲਾਫ਼ ਐਫ.ਆਈ.ਆਰ. ਦੀ ਕਾਪੀ ਸਾਹਮਣੇ ਆਈ <br/>

ਅਜੀਤ ਡੈਸਕ 05-06-2026
ਮਜੀਠਾ, 4 ਜੂਨ (ਮਨਿੰਦਰ ਸਿੰਘ ਸੋਖੀ)-ਥਾਣਾ ਮਜੀਠਾ ਵਿਖੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਬਾਈ ਨੇਮ ਅਤੇ 50 ਹੋਰ ਵਿਅਕਤੀਆਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਲਿਖੀ ਗਈ ਐਫ.ਆਈ.ਆਰ. ਦੀ ਇਬਾਰਤ ਹੁਣ ਸਾਹਮਣੇ ਆਈ ਹੈ | ਇਹ ਮੁਕੱਦਮਾ ਪਹਿਲੀ ਜੂਨ ਨੂੰ ਦਰਜ ਕੀਤਾ ਗਿਆ, ਜਿਸ ਵਿਚ ਇਹ ਦਰਸਾਇਆ ਗਿਆ ਕਿ ਮਿਤੀ 31 ਮਈ ਨੂੰ ਅਕਾਲੀ ਆਗੂ ਜੋਬਨਪ੍ਰੀਤ ਸਿੰਘ ਥਾਣਾ ਮਜੀਠਾ ਵਿਖੇ ਪੁਲਿਸ ਦੀ ਹਿਰਾਸਤ ਵਿਚ ਸੀ ਅਤੇ ਤਫਤੀਸ਼ੀ ਅਫਸਰ ਏ. ਐੱਸ. ਆਈ. ਰਸ਼ਪਾਲ ਸਿੰਘ ਵਲੋਂ ਥਾਣਾ ਮਜੀਠਾ ਦੇ ਅੰਦਰ ਪੁੱਛਗਿੱਛ ਕੀਤੀ ਜਾ ਰਹੀ ਸੀ ਕਿ ਉਸ ਵਕਤ ਬਿਕਰਮ ਸਿੰਘ ਮਜੀਠੀਆ ਸਾਬਕਾ ਵਿਧਾਇਕ ਉਨ੍ਹਾਂ ਨਾਲ ਜੋਧ ਸਿੰਘ ਸਮਰਾ, ਰਾਜਾ ਲਦੇਹ ਵਾਸੀ ਪਿੰਡ ਲਦੇਹ, ਸਾਹਿਬ ਸਿੰਘ ਹਮਜਾ, ਬਿਕਰਮਜੀਤ ਸਿੰਘ ਬਾਠ ਅਤੇ ਕਰੀਬ 50 ਤੋਂ ਵੱਧ ਸਮਰਥਕ ਵਿਅਕਤੀਆਂ ਸਮੇਤ ਥਾਣਾ ਮਜੀਠਾ ਵਿਖੇ ਪਹੁੰਚ ਗਏ | ਜਿਨ੍ਹਾਂ ਵਲੋਂ ਹਮਲਾਵਰ ਅਤੇ ਡਰਾਉਣੇ ਢੰਗ ਨਾਲ ਕੰਮ ਕਰਦੇ ਹੋਏ ਝੁੰਡ ਬਣਾ ਕੇ ਥਾਣਾ ਅਹਾਤੇ ਵਿਚ ਦਾਖਲ ਹੋ ਗਏ ਅਤੇ ਗਿ੍ਫਤਾਰ ਵਿਅਕਤੀ ਜੋਬਨਪ੍ਰੀਤ ਸਿੰਘ ਦੀ ਭਾਲ ਕਰਨ ਲੱਗੇ | ਐੱਫ. ਆਈ. ਆਰ. ਮੁਤਾਬਕ ਕਿਸੇ ਵੀ ਯੋਗ ਅਧਿਕਾਰੀ ਦੀ ਇਜਾਜ਼ਤ ਲਏ ਬਿਨਾ ਅਤੇ ਥਾਣੇ ਦੇ ਸੁਰੱਖਿਅਤ ਖੇਤਰਾਂ ਵਿਚ ਦਾਖਲ ਹੋਣ ਦਾ ਕੋਈ ਕਾਨੂੰਨੀ ਅਧਿਕਾਰ ਨਾ ਹੋਣ ਦੇ ਬਾਵਜੂਦ ਬਿਕਰਮ ਸਿੰਘ ਮਜੀਠੀਆ ਅਤੇ ਉਸ ਦੇ ਉਕਤ ਸਾਥੀ ਥਾਣੇ ਦੇ ਵੱਖ-ਵੱਖ ਕਮਰਿਆਂ, ਦਫਤਰਾਂ ਅਤੇ ਹਿੱਸਿਆਂ ਵਿਚ ਲੱਭਣ ਲੱਗੇ ਅਤੇ ਥਾਣੇ ਦੀ ਹਦੂਦ ਵਿਚ ਮੌਜੂਦ ਕਰਮਚਾਰੀਆਂ ਦੇ ਇਤਰਾਜਾਂ ਅਤੇ ਹਦਾਇਤਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਉਹ ਦਰਵਾਜੇ ਖੋਲ੍ਹਣ, ਕਮਰਿਆਂ ਵਿਚ ਦਾਖਲ ਹੋਣ ਤੇ ਗਿ੍ਫਤਾਰ ਵਿਅਕਤੀ ਦੇ ਟਿਕਾਣੇ ਬਾਰੇ ਪੁੱਛਗਿੱਛ ਕਰਨ ਲੱਗੇ | ਮਜੀਠੀਆ ਅਤੇ ਉਨ੍ਹਾਂ ਦੇ ਸਾਥੀਆਂ ਨੇ ਥਾਣੇ ਵਿਚ ਡਰ, ਤਣਾਅ ਅਤੇ ਰੁਕਾਵਟ ਦਾ ਮਾਹੌਲ ਪੈਦਾ ਕੀਤਾ ਤੇ ਪੁਲਿਸ ਦੇ ਸਾਧਾਰਨ ਕੰਮਕਾਜ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ | ਗਿ੍ਫਤਾਰ ਵਿਅਕਤੀ ਜੋਬਨਪ੍ਰੀਤ ਸਿੰਘ ਦੀ ਭਾਲ ਕਰਦੇ ਹੋਏ ਮਜੀਠੀਆ ਆਪਣੇ ਸਾਥੀਆਂ ਸਮੇਤ ਉਸ ਕਮਰੇ ਵਿਚ ਜ਼ਬਰਦਸਤੀ ਦਾਖਲ ਹੋ ਗਏ ਜਿਥੇ ਜੋਬਨਪ੍ਰੀਤ ਸਿੰਘ ਕਾਨੂੰਨੀ ਪੁਲਿਸ ਹਿਰਾਸਤ ਵਿਚ ਰੱਖਿਆ ਸੀ ਤੇ ਤਫਤੀਸ਼ੀ ਅਫਸਰ ਰਸ਼ਪਾਲ ਸਿੰਘ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ | ਇਸ ਦੌਰਾਨ ਮਜੀਠੀਆ ਦੇ ਨਾਲ ਆਏ ਇਕ ਵਿਅਕਤੀ ਨੇ ਆਪਣੀ ਡੱਬ ਵਿਚੋਂ ਪਿਸਤੌਲ ਕੱਢਿਆ ਤੇ ਧਮਕੀ ਭਰੇ ਢੰਗ ਨਾਲ ਲਹਿਰਾਇਆ ਤੇ ਉਥੇ ਮੌਜੂਦ ਪੁਲਿਸ ਕਰਮਚਾਰੀਆਂ ਨੂੰ ਦਬਾਉਣ ਦੀ ਨੀਯਤ ਨਾਲ ਡਰਾਇਆ | ਇਸ ਤੋਂ ਇਲਾਵਾ ਮਜੀਠੀਆ ਅਤੇ ਉਸ ਦੇ ਸਾਥੀਆਂ ਨੇ ਤਫਤੀਸ਼ੀ ਅਫਸਰ ਦੀ ਜਾਂਚ ਕਰਾਵਾਈ ਵਿਚ ਦਖਲ ਦਿੱਤਾ ਅਤੇ ਮੇਜ਼ ਉਪਰ ਰੱਖੀ ਕੇਸ ਫਾਈਲ ਚੁੱਕ ਕੇ ਉਸ ਦੇ ਕੁਝ ਪੇਪਰ ਇਸ ਗਲਤ ਫਹਿਮੀ ਵਿਚ ਪਾੜ ਦਿੱਤੇ ਕਿ ਇਹ ਜੋਬਨਪ੍ਰੀਤ ਸਿੰਘ ਦੇ ਕੇਸ ਨਾਲ ਸੰਬੰਧਿਤ ਫਾਈਲ ਦੇ ਕਾਗਜ਼ ਹਨ | ਇਸ ਦੇ ਬਾਅਦ ਥਾਣਾ ਦੇ ਕਰਮਚਾਰੀਆਂ ਦੇ ਬਾਰ-ਬਾਰ ਇਤਰਾਜ ਕਰਨ ਦੇ ਬਾਵਜੂਦ ਮਜੀਠੀਆ ਤੇ ਉਸ ਦੇ ਸਾਥੀਆਂ ਨੇ ਪੁਲਿਸ ਹਿਰਾਸਤ ਵਿਚ ਰਖੇ ਜੋਬਨਪ੍ਰੀਤ ਸਿੰਘ ਨੂੰ ਜਬਰਦਸਤੀ ਫੜ੍ਹ ਲਿਆ ਅਤੇ ਉਸ ਨੂੰ ਪੁਲਿਸ ਦੀ ਕਾਨੂੰਨੀ ਹਿਰਾਸਤ ਅਤੇ ਕੰਟਰੋਲ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਵਿਚ ਕਮਰੇ ਤੋਂ ਬਾਹਰ ਲੈ ਆਏ | ਅਪਰਾਧਿਕ ਤਾਕਤ, ਡਰਾਵੇ ਅਤੇ ਗੈਰ ਕਾਨੂੰਨੀ ਇਕੱਠ ਦੀ ਤਾਕਤ ਦੀ ਵਰਤੋਂ ਕਰਦੇ ਹੋਏ ਮਜੀਠੀਆ ਅਤੇ ਸਾਥੀਆਂ ਨੇ ਤਫਤੀਸ਼ੀ ਅਫਸਰ ਅਤੇ ਹੋਰ ਕਰਮਚਾਰੀਆਂ ਨੂੰ ਉਨ੍ਹਾਂ ਦੇ ਸਰਕਾਰੀ ਫਰਜ਼ਾਂ ਦੀ ਪਲਾਣਾ ਵਿਚ ਰੁਕਾਵਟ ਪਾਈ | ਜਿਸ 'ਤੇ ਥਾਣਾ ਮਜੀਠਾ ਵਿਖੇ ਬਿਕਰਮ ਸਿੰਘ ਮਜੀਠੀਆ, ਜੋਧ ਸਿੰਘ ਸਮਰਾ, ਰਾਜਾ ਲਦੇਹ, ਸਾਹਿਬ ਸਿੰਘ ਹਮਜਾ, ਬਿਕਰਮਜੀਤ ਸਿੰਘ ਬਾਠ ਦੇ ਖ਼ਿਲਾਫ਼ ਜੁਰਮ 132, 221, 304, 62, 263, 241, 351(2), 190, 191(3), ਬੀ.ਐੱਨ.ਐਸ. 25/27-54:59 ਅਸਲਾ ਐਕਟ ਅਧੀਨ ਮੁਕੱਦਮਾ ਨੰਬਰ 91 ਦਰਜ ਕੀਤਾ ਗਿਆ ਹੈ | ਇਥੇ ਇਹ ਜਿਕਰਯੋਗ ਹੈ ਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਪੁਲਿਸ ਵਲੋਂ ਇਸ ਮੁਕੱਦਮੇ ਦੀ ਕਾਪੀ ਦਿੱਤੀ ਗਈ ਹੈ | ਪੁਲਿਸ ਵਲੋਂ ਉਕਤ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਦਮਦਮੀ ਟਕਸਾਲ ਮਹਿਤਾ ਵਿਖੇ ਸ਼ਹੀਦੀ ਸਮਾਗਮ ਹਮੇਸ਼ਾਂ ਹੁੰਦੇ ਰਹਿਣਗੇ-ਬਾਬਾ ਹਰਨਾਮ ਸਿੰਘ ਖ਼ਾਲਸਾ ਅਗਲੀ ਖ਼ਬਰ ਸੂਬੇ ਦੇ ਖਪਤਕਾਰ ਜੇ ਬਿਜਲੀ ਬਿੱਲਾਂ ਨਾਲ ਸੰਬੰਧਿਤ ਸਮੱਸਿਆਵਾਂ ਕਾਰਨ ਹੋ ਰਹੇ ਨੇ ਪ੍ਰੇਸ਼ਾਨ-ਤਾਂ ਪਹੁੰਚੋ ਸਬ-ਡਵੀਜ਼ਨ ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।