ਚੌਕ ਮਹਿਤਾ, 4 ਜੂਨ (ਜਗਦੀਸ਼ ਸਿੰਘ ਬੰਮਰਾਹ, ਧਰਮਿੰਦਰ ਸਿੰਘ ਭੰਮਰਾ)-ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵਿਖੇ ਜੂਨ 1984 ਸਾਕਾ ਨੀਲਾ ਤਾਰਾ (ਤੀਸਰਾ ਘੱਲੂਘਾਰਾ) ਦੇ ਸਮੂਹ ਸ਼ਹੀਦਾਂ ਦੀ ਸਦੀਵੀਂ ਯਾਦ ਨੂੰ ਸਮਰਪਿਤ ਸਾਲਾਨਾ 42ਵਾਂ ਮਹਾਨ ਸ਼ਹੀਦੀ ਜੋੜਮੇਲਾ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ 6 ਜੂਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ | ਜਿਸ ਸੰਬੰਧ ਵਿਚ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤੇ ਗਏ ਹਨ | ਜਿਨ੍ਹਾਂ ਦੇ ਭੋਗ 6 ਜੂਨ ਨੂੰ ਸਵੇਰੇ 9.30 ਵਜੇ ਪੈਣਗੇ | ਅੱਜ ਸ਼ਹੀਦੀ ਹਫਤੇ ਦੇ ਅੱਜ ਚੌਥੇ ਦਿਨ ਗੁਰਦੁਆਰਾ ਸਾਹਿਬ ਵਿਖੇ ਸਜੇ ਸ਼ਾਮ ਦੇ ਦੀਵਾਨ 'ਚ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਿਮਰਪ੍ਰੀਤ ਸਿੰਘ ਦੇ ਜਥੇ ਵਲੋਂ ਕੀਰਤਨ ਦੀ ਸੇਵਾ ਨਿਭਾਈ ਗਈ | ਇਸ ਮੌਕੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਜਦੋਂ ਤੱਕ ਦੁਨੀਆਂ ਰਹਿਗੀ ਉਦੋਂ ਤੱਕ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਮਹਿਤਾ ਵਿਖੇ ਸ਼ਹੀਦੀ ਸਮਾਗਮ ਹੁੰਦੇ ਰਹਿਣਗੇ | ਉਨ੍ਹਾਂ ਅੱਗੇ ਕਿਹਾ ਕਿ ਕੌਮ ਲਈ ਸ਼ਹੀਦੀਆਂ ਦੇਣੀਆਂ ਤੇ ਸ਼ਹੀਦਾਂ ਦੇ ਦਿਹਾੜੇ ਮਨਾਉਣਾ ਦੋਵੇਂ ਕਾਰਜ ਬਹੁਤ ਕਠਿਨ ਹਨ | ਜੂਨ '84 ਦੌਰਾਨ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਤੇ ਕੌਮ ਦੀ ਅਣਖ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਨੂੰ ਸਿੱਜਦਾ ਕਰਦਿਆਂ ਕਿਹਾ ਕਿ ਦਸਮੇਸ਼ ਪਿਤਾ ਦੇ ਇਨ੍ਹਾਂ ਸਪੁੱਤਰਾਂ ਨੇ ਦੁਨੀਆ ਨੂੰ ਦਿਖਾ ਦਿੱਤਾ ਕਿ ਸਿੱਖ 18ਵੀਂ ਸਦੀ 'ਚ ਹੀ ਨਹੀਂ ਬਲਕਿ ਅੱਜ ਵੀ ਜ਼ਾਲਮ ਹਕੂਮਤਾਂ ਦੇ ਜਬਰ ਦਾ ਦਿ੍ੜ੍ਹਤਾ ਤੇ ਦਲੇਰੀ ਨਾਲ ਮੂੰਹ ਤੋੜਵਾਂ ਜਵਾਬ ਦੇਣ ਦੀ ਪੂਰੀ ਸਮਰੱਥਾ ਰੱਖਦੇ ਹਨ | ਉਨ੍ਹਾਂ ਕਿਹਾ ਕਿ 20ਵੀਂ ਸਦੀ ਦੌਰਾਨ ਹਕੂਮਤ ਵਲੋਂ ਸਿੱਖ ਕੌਮ 'ਤੇ ਕੀਤਾ ਗਿਆ ਅੱਤਿਆਚਾਰ ਨਾ ਭੁੱਲਣ ਯੋਗ ਤੇ ਨਾ ਹੀ ਬਖਸ਼ਣ ਯੋਗ ਹੈ, ਜੋ ਕਿ ਅਸਹਿ ਵੀ ਹੈ ਤੇ ਅਕਹਿ ਵੀ | ਉਨ੍ਹਾਂ ਨੇ ਦੇਸ਼-ਵਿਦੇਸ਼ 'ਚ ਵਸਦੀ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ 6 ਜੂਨ ਦੇ ਦਿਹਾੜੇ ਨੂੰ ਵੈਰਾਗਮਈ ਅਤੇ ਸ਼ਰਧਾਪੂਰਵਕ ਜ਼ਰੂਰ ਮਨਾਇਆ ਜਾਵੇ | ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਕੌਮ ਦੇ ਸ਼ਹੀਦਾਂ ਦੇ ਸਨਮਾਨ ਨੂੰ ਇੰਨ-ਬਿਨ ਬਰਕਰਾਰ ਰੱਖਦੇ ਹੋਏ ਸਮੁੱਚੀਆਂ ਸਿੱਖ ਸੰਗਤਾਂ 6 ਜੂਨ ਨੂੰ ਮਹਿਤੇ ਵਿਖੇ ਪੁੱਜ ਕੇ ਸ਼ਹੀਦੀ ਸਮਾਗਮ 'ਚ ਸ਼ਾਮਿਲ ਹੋਣ 'ਤੇ ਆਪਣੇ ਕੌਮ ਦੇ ਅਣਖੀਲੇ ਤੇ ਸੂਰਬੀਰ ਯੋਧਿਆਂ ਸਮੇਤ ਤੀਸਰੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ | ਇਸ ਮੌਕੇ ਪਿ੍ੰ. ਗੁਰਦੀਪ ਸਿੰਘ ਰੰਧਾਵਾ ਨੇ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ | ਇਸ ਸਮੇਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਿਮਰਪ੍ਰੀਤ ਸਿੰਘ ਕੀਰਤਨ ਦੀ ਸੇਵਾ ਨਿਭਾਈ | ਇਸ ਮੌਕੇ ਭਾਈ ਈਸ਼ਰ ਸਿੰਘ ਸਪੁੱਤਰ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਬੁੱਟਰ, ਗਿਆਨੀ ਵਿਸ਼ਾਲ ਸਿੰਘ ਕਥਾਵਾਚਕ, ਭਾਈ ਅਜਾਇਬ ਸਿੰਘ ਅਭਿਆਸੀ, ਜਥੇ. ਬਾਬਾ ਅਜੀਤ ਸਿੰਘ ਮੁਖੀ ਤਰਨਾ ਦਲ ਮਹਿਤਾ, ਬਾਬਾ ਮਨਜੀਤ ਸਿੰਘ ਗੁਰੂ ਨਾਨਕ ਦਲ ਮੜੀਆਂ ਵਾਲੇ, ਸੰਤ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਸਾਹਿਬ, ਸੰਤ ਬਾਬਾ ਗੁਰਭੇਜ ਸਿੰਘ ਖੁਜਾਲੇ ਵਾਲੇ, ਸੰਤ ਬਾਬਾ ਸੁਰਜਨ ਸਿੰਘ ਬਾਲੇ ਵਾਲੇ, ਸੰਤ ਬਾਬਾ ਸਵਿੰਦਰ ਸਿੰਘ ਟਾਹਲੀ ਸਾਹਿਬ ਵਾਲੇ, ਸੰਤ ਬਾਬਾ ਬਲਵਿੰਦਰ ਸਿੰਘ ਕੈਲਿਆਂ ਵਾਲੇ, ਬਾਬਾ ਗੁਰਮੀਤ ਸਿੰਘ ਬਦੋਵਾਲ, ਸੰਤ ਬਾਬਾ ਸੁਖਵੰਤ ਸਿੰਘ ਚੰਨਣਕੇ, ਭਾਈ ਅਜਾਇਬ ਸਿੰਘ ਅਭਿਆਸੀ ਮੈਂਬਰ ਧਰਮ ਪ੍ਰਚਾਰ ਕਮੇਟੀ, ਗਿਆਨੀ ਪ੍ਰਗਟ ਸਿੰਘ ਭੀਲੋਵਾਲ, ਭਾਈ ਪਰਵਿੰਦਰ ਸਿੰਘ ਅਮਰੀਕਾ ਵਾਲੇ, ਬਾਬਾ ਗੁਰਦੀਪ ਸਿੰਘ ਖਜਾਲਾ, ਸੰਤ ਬਾਬਾ ਨਵਤੇਜ ਸਿੰਘ ਚੇਲੇਆਣਾ ਸਾਹਿਬ, ਭਾਈ ਮਨਜੀਤ ਸਿੰਘ ਘੋੜੇ ਵਾਂ, ਚੇਅਰਮੈਨ ਲਖਵਿੰਦਰ ਸਿੰਘ ਖਾਲਸਾ, ਰਜਿੰਦਰ ਸਿੰਘ ਸ਼ਾਹ, ਜਥੇ ਰਾਜਬੀਰ ਸਿੰਘ, ਇਕਬਾਲ ਸਿੰਘ ਸ਼ਾਹ, ਜਤਿੰਦਰ ਸਿੰਘ ਲੱਧਾਮੁੰਡਾ, ਇਕਬਾਲ ਸਿੰਘ ਮਾਨ, ਗੁਰਮੀਤ ਸਿੰਘ ਮਾਨ, ਪਿ੍ੰ. ਹਰਸ਼ਦੀਪ ਸਿੰਘ ਰੰਧਾਵਾ, ਡਾ. ਅਵਤਾਰ ਸਿੰਘ ਬੁੱਟਰ (ਦੋਵੇਂ ਮੈਂਬਰ ਚੀਫ ਖਾਲਸਾ ਦੀਵਾਨ), ਬਲਕਾਰ ਸਿੰਘ ਪੀ. ਬੀ. ਐੱਸ, ਪਿ੍ੰ. ਗੁਰਦੀਪ ਸਿੰਘ ਜਲਾਲਉਸਮਾ, ਪਿ੍ੰ: ਤੇਜਬੀਰ ਸਿੰਘ ਸੋਹਲ, ਅੰਤਰਪ੍ਰੀਤ ਸਿੰਘ ਲੱਧਾਮੁੰਡਾ, ਪਿ੍ੰ: ਜੋਬਨਪ੍ਰੀਤ ਸਿੰਘ, ਰਮਨਪ੍ਰੀਤ ਸਿੰਘ ਲੱਧਾਮੁੰਡਾ, ਹਰਜਿੰਦਰ ਸਿੰਘ ਜੱਜ, ਸਾਬਕਾ ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਨੰਬਰਦਾਰ ਗੁੱਲਜਿੰਦਰ ਸਿੰਘ ਲਾਡੀ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਮੌਜੂਦ ਸਨ |
ਦਮਦਮੀ ਟਕਸਾਲ ਮਹਿਤਾ ਵਿਖੇ ਸ਼ਹੀਦੀ ਸਮਾਗਮ ਹਮੇਸ਼ਾਂ ਹੁੰਦੇ ਰਹਿਣਗੇ-ਬਾਬਾ ਹਰਨਾਮ ਸਿੰਘ ਖ਼ਾਲਸਾ
ਅਜੀਤ ਡੈਸਕ
05-06-2026