ਪਟਿਆਲਾ, 4 ਜੂਨ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਨਿਗਮ 'ਚ ਪਿਛਲੇ ਕੁੱਝ ਸਮੇਂ ਤੋਂ ਬਿਜਲੀ ਬਿੱਲਾਂ, ਨਵੇਂ ਕੁਨੈਕਸ਼ਨ, ਲੋਡ ਬਦਲਾਅ, ਨਾਮ ਬਦਲੀ, ਬਿਜਲੀ ਬਿਲ ਜ਼ਿਆਦਾ ਹੋਣਾ, ਮੀਟਰ ਖ਼ਰਾਬ ਹੋਣ ਦੀ ਰਿਪੋਰਟ ਤੋਂ ਬਾਅਦ ਜਵਾਬ ਨਾ ਮਿਲਣਾ, ਬਿਜਲੀ ਬਿੱਲਾਂ ਦਾ ਨਾ ਬਣਨਾ ਅਤੇ ਮੀਟਰ ਰੀਡਿੰਗ ਗ਼ਲਤ ਹੋਣ ਤੋਂ ਇਲਾਵਾ ਵੱਖ-ਵੱਖ ਸਮੱਸਿਆਵਾਂ ਨਾਲ ਜੂਝਣ ਦੇ ਮਾਮਲੇ ਬਿਜਲੀ ਖਪਤਕਾਰਾਂ ਦੇ ਆ ਰਹੇ ਹਨ | ਸੂਬੇ ਦੇ ਕੁੱਝ ਚੋਣਵੇਂ ਖੇਤਰ ਜਿਨ੍ਹਾਂ 'ਚ ਬਾਰਡਰ, ਈਸਟ, ਵੈਸਟ ਤੇ ਸਾਊਥ ਜ਼ੋਨ ਦੇ ਤਕਰੀਬਨ 55-60 ਲੱਖ ਖਪਤਕਾਰ ਉਪਰੋਕਤ ਸਮੱਸਿਆਵਾਂ ਨਾਲ ਜੇਕਰ ਨਜਿੱਠ ਰਹੇ ਹਨ ਤੇ ਕੋਈ ਹੱਲ ਨਹੀਂ ਮਿਲ ਰਿਹਾ ਤਾਂ ਉਨ੍ਹਾਂ ਖਪਤਕਾਰਾਂ ਨੂੰ ਬਿਜਲੀ ਨਿਗਮ ਨੇ ਆਪਣੇ ਨੇੜਲੇ ਸਬ-ਡਵੀਜ਼ਨ 'ਚ ਜਾ ਕੇ ਲਿਖਤੀ ਸ਼ਿਕਾਇਤ ਦੇਣ ਉਪਰੰਤ ਵਿਭਾਗ ਦੇ ਅਧਿਕਾਰੀ ਤੋਂ ਆਪਣੀ ਸਮੱਸਿਆ ਦਸ ਕੇ ਇਕ ਟਿਕਟ ਨੰਬਰ ਹਾਸਲ ਕਰਵਾਉਣੀ ਹੁੰਦੀ ਹੈ ਜਿਸ ਤੋਂ ਬਾਅਦ ਉਸ ਸ਼ਿਕਾਇਤਕਰਤਾ ਨੂੰ ਇਕ ਸ਼ਿਕਾਇਤ ਨੰਬਰ ਮਿਲੇਗਾ ਅਤੇ ਜਦੋਂ ਤਕ ਬਿਜਲੀ ਨਿਗਮ ਦੇ ਤਕਨੀਕੀ ਮਾਹਿਰਾਂ ਤੋਂ ਉਸ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਉਹ ਸ਼ਿਕਾਇਤ ਵਿਭਾਗੀ ਅਧਿਕਾਰੀ ਕੋਲ ਖੜ੍ਹੀ ਰਹੇਗੀ | ਬਿਜਲੀ ਨਿਗਮ ਦੇ ਆਈ.ਟੀ. ਅਧਿਕਾਰੀ ਦੇ ਦੱਸਣ ਮੁਤਾਬਿਕ ਬਿਜਲੀ ਬਿੱਲਾਂ ਸਮੇਤ ਹੋਰ ਕਿੰਨੀਆਂ ਸਹੂਲਤਾਂ ਨੂੰ ਇਕ ਜਗ੍ਹਾ ਕਰਨ ਲਈ ਯੂਨੀਫਾਈਡ ਬਿਿਲੰਗ ਸਿਸਟਮ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ ਜਿਸ ਅਨੁਸਾਰ ਕਿਸੇ ਵੀ ਬਿਜਲੀ ਖਪਤਕਾਰ ਵਲੋਂ ਸਬ-ਡਵੀਜ਼ਨ 'ਚ ਜਾ ਕੇ ਨੋਟ ਕਰਵਾਈ ਜਾ ਰਹੀ ਸ਼ਿਕਾਇਤ ਨੂੰ ਸਹੀ ਤਰੀਕੇ ਨਾਲ ਵਾਚਿਆ ਜਾ ਰਿਹਾ ਹੈ ਤੇ ਉਸਨੂੰ ਠੀਕ ਕਰਨ ਅਤੇ ਦੁਬਾਰਾ ਨਾ ਪੈਦਾ ਹੋਣ ਤੋਂ ਰੋਕਣ ਲਈ ਉਸ 'ਤੇ ਕੰਮ ਕੀਤਾ ਜਾਵੇਗਾ | ਸੂਬੇ ਦੇ ਵੱਖ-ਵੱਖ ਖੇਤਰਾਂ ਦੇ ਬਿਜਲੀ ਖਪਤਕਾਰਾਂ ਨਾਲ ਗੱਲਬਾਤ ਕਰਨ ਉਪਰੰਤ ਪਤਾ ਲੱਗਾ ਕਿ ਬਿਜਲੀ ਦਫ਼ਤਰਾਂ ਦੇ ਹੇਠਲੇ ਅਧਿਕਾਰੀ ਬਿਜਲੀ ਬਿੱਲਾਂ ਵਰਗੀਆਂ ਹੋਰ ਸ਼ਿਕਾਇਤਾਂ ਸੰਬੰਧੀ ਸ਼ਿਕਾਇਤਕਰਤਾ ਨੂੰ ਕੰਪਿਊਟਰ ਜਾਂ ਆਈ.ਟੀ. ਦੀ ਗ਼ਲਤੀ ਕਹਿ ਕੇ ਘਰ ਵਾਪਸ ਮੋੜ ਦਿੰਦੇ ਹਨ ਤੇ ਸ਼ਿਕਾਇਤ ਨਹੀਂ ਦਰਜ ਕਰਦੇ | ਕੁੱਝ ਖਪਤਕਾਰਾਂ ਵਲੋਂ ਬਿਜਲੀ ਬਿੱਲਾਂ ਨੂੰ ਲੈ ਕੇ 1912 ਨੰਬਰ 'ਤੇ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਰਹੀਆਂ ਹਨ ਜਦੋਂਕਿ 1912 'ਤੇ ਬਹੁਤੀਆਂ ਸ਼ਿਕਾਇਤਾਂ ਬਿਜਲੀ ਸਪਲਾਈ ਨਾਲ ਸੰਬੰਧਿਤ ਹੁੰਦੀਆਂ ਹਨ | ਬਿਜਲੀ ਅਧਿਕਾਰੀ ਨੇ ਦੱਸਿਆ ਕਿ ਜੇਕਰ ਬਿਜਲੀ ਬਿੱਲਾਂ ਨਾਲ ਜੁੜੀ ਕਿਸੇ ਵੀ ਸਮੱਸਿਆ ਨਾਲ ਜੂਝ ਰਹੇ ਹਨ ਤਾਂ ਆਪਣੀ ਸਮੱਸਿਆ ਨੂੰ ਨੇੜਲੀ ਸਬ-ਡਵੀਜ਼ਨ 'ਚ ਜਾ ਕੇ ਦਿਓ ਤੇ ਆਪਣਾ ਟਿਕਟ ਨੰਬਰ ਹਾਸਲ ਕਰਨ ਉਪਰੰਤ ਸ਼ਿਕਾਇਤ ਠੀਕ ਹੋਣ ਦੀ ਉਡੀਕ ਕਰੋ |
ਸੂਬੇ ਦੇ ਖਪਤਕਾਰ ਜੇ ਬਿਜਲੀ ਬਿੱਲਾਂ ਨਾਲ ਸੰਬੰਧਿਤ ਸਮੱਸਿਆਵਾਂ ਕਾਰਨ ਹੋ ਰਹੇ ਨੇ ਪ੍ਰੇਸ਼ਾਨ-ਤਾਂ ਪਹੁੰਚੋ ਸਬ-ਡਵੀਜ਼ਨ ਤੇ ਲਓ ਟਿਕਟ <br/>
ਅਜੀਤ ਡੈਸਕ
05-06-2026