ਅੰਮਿ੍ਤਸਰ, 4 ਜੂਨ (ਸੁਰਿੰਦਰ ਕੋਛੜ)-ਜੇਲ੍ਹ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਅੰਦਰ ਅੰਦਰੂਨੀ ਕਲੇਸ਼ ਸਾਹਮਣੇ ਆਇਆ ਹੈ | ਕਈ ਅਸੰਤੁਸ਼ਟ ਖ਼ੈਬਰ ਪਖਤੂਨਖਵਾ ਵਿਧਾਇਕਾਂ ਨੇ ਪਾਰਟੀ ਲੀਡਰਸ਼ਿਪ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਹੈ ਕਿ ਉਹ ਜੇਲ੍ਹ 'ਚ ਬੰਦ ਪਾਰਟੀ ਸੰਸਥਾਪਕ ਇਮਰਾਨ ਖਾਨ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਯਤਨ ਕਰਨ 'ਚ ਅਸਫਲ ਰਹੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਖ਼ੈਬਰ ਪਖਤੂਨਖਵਾ ਦੇ ਵਿਧਾਇਕਾਂ ਨੇ ਪਿਸ਼ਾਵਰ 'ਚ ਇਕ ਐਮਰਜੈਂਸੀ ਮੀਟਿੰਗ ਕਰਕੇ ਪਾਰਟੀ ਪ੍ਰਧਾਨ ਬਰਿਸਟਰ ਗੌਹਰ ਅਲੀ ਨੂੰ ਇਕ ਪੱਤਰ ਭੇਜਿਆ | ਵਿਧਾਇਕਾਂ ਨੇ ਦੋਸ਼ ਲਗਾਇਆ ਕਿ ਇਮਰਾਨ ਖਾਨ ਦੀ ਰਿਹਾਈ ਲਈ ਅੰਦੋਲਨ ਸਿਰਫ਼ ਬਿਆਨਬਾਜ਼ੀ, ਸੀਮਤ ਵਿਰੋਧ ਪ੍ਰਦਰਸ਼ਨਾਂ ਅਤੇ ਪ੍ਰਤੀਕਾਤਮਿਕ ਗਤੀਵਿਧੀਆਂ ਤੱਕ ਸੀਮਤ ਰਿਹਾ ਹੈ | ਉਨ੍ਹਾਂ ਨੇ ਲੀਡਰਸ਼ਿਪ ਤੋਂ ਇਕ ਨਵੀਂ ਰਣਨੀਤੀ ਤਿਆਰ ਕਰਨ ਦੀ ਮੰਗ ਕੀਤੀ ਜੋ ਵਧੇਰੇ ਪ੍ਰਭਾਵਸ਼ਾਲੀ, ਸੰਗਠਿਤ ਹੋਵੇ ਅਤੇ ਨਤੀਜੇ ਦੇਵੇ | ਪੱਤਰ 'ਚ ਖ਼ੈਬਰ ਪਖਤੂਨਖਵਾ ਸਰਕਾਰ ਦੇ ਕੰਮਕਾਜ ਬਾਰੇ ਵੀ ਗੰਭੀਰ ਸਵਾਲ ਉਠਾਏ ਗਏ ਹਨ | ਨਾਰਾਜ਼ ਆਗੂਆਂ ਨੇ ਸਪਸ਼ਟ ਕੀਤਾ ਕਿ ਉਹ ਇਮਰਾਨ ਖਾਨ ਦੀ ਵਿਚਾਰਧਾਰਾ ਅਤੇ ਪਾਰਟੀ ਦੇ ਦਿ੍ਸ਼ਟੀਕੋਣ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹਨ |
ਇਮਰਾਨ ਖਾਨ ਦੀ ਰਿਹਾਈ ਨੂੰ ਲੈ ਕੇ ਉਨ੍ਹਾਂ ਦੀ ਆਪਣੀ ਪਾਰਟੀ ਅੰਦਰ ਬਗ਼ਾਵਤ
ਅਜੀਤ ਡੈਸਕ
05-06-2026