ਸੰਗਰੂਰ, 4 ਜੂਨ (ਅਮਨਦੀਪ ਸਿੰਘ ਬਿੱਟਾ) - ਭਾਰਤੀਯ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਕਿਸਾਨ ਯੂਨੀਅਨ ਮਲਵਾਈ ਵਲੋਂ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਅੱਗੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਮਾਣਯੋਗ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਬੀਕੇਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਆਪਣੇ ਦੇਸ਼ ਦੇ ਲੋਕਾਂ ਦੇ ਹੱਕ ਅਮਰੀਕਾ ਕੋਲ ਗਿਰਵੀ ਰੱਖ ਕੇ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕੀਤਾ ਜਾ ਰਿਹਾ, ਜਿਸ ਨੂੰ ਅੰਤਿਮ ਰੂਪ ਦੇਣ ਲਈ ਅਮਰੀਕਾ ਦਾ ਇੱਕ ਉੱਚ ਪੱਧਰੀ ਵਫ਼ਦ ਭਾਰਤ ਆਇਆ ਹੋਇਆ ਹੈ ਜਿਸ ਦੇ ਵਿਰੋਧ 'ਚ ਐਸ.ਕੇ.ਐਮ. ਗੈਰ ਸਿਆਸੀ ਵਲੋਂ ਅੱਜ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਦੇ ਜ਼ਿਲ੍ਹਾ ਹੈੱਡ ਕੁਆਰਟਰਾਂ ਉਪਰ ਪੁਤਲੇ ਫੂਕੇ ਗਏ ਹਨ | ਨੌਜਵਾਨ ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅੱਗੇ ਗੋਡੇ ਟੇਕਦੇ ਹੋਏ ਦੇਸ਼ ਦੀ ਰੀੜ੍ਹ ਦੀ ਹੱਡੀ ਖੇਤੀਬਾੜੀ, ਪੋਲਟਰੀ ਅਤੇ ਡੇਅਰੀ ਖੇਤਰ ਨੂੰ ਬਰਬਾਦ ਕਰਨ ਵਾਲਾ ਕਿਸਾਨ ਮਾਰੂ ਅਤੇ ਦੇਸ਼ ਮਾਰੂ ਸਮਝੌਤਾ ਕੀਤਾ ਜਾ ਰਿਹਾ ਹੈ, ਜਿਸ ਨਾਲ ਪਹਿਲਾਂ ਹੀ ਸਰਕਾਰ ਵਲੋਂ ਐਮ.ਐਸ.ਪੀ. ਦਾ ਗਾਰੰਟੀ ਕਾਨੂੰਨ ਅਤੇ ਡਾਕਟਰ ਸਵਾਮੀਨਾਥਨ ਕਮਿਸ਼ਨ ਦੇ ਫ਼ਾਰਮੂਲੇ ਅਨੁਸਾਰ ਫ਼ਸਲਾਂ ਦੇ ਭਾਅ ਨਾਂ ਦੇਣ ਕਰਕੇ ਕਿਸਾਨੀ ਦਾ ਆਰਥਿਕ ਤੌਰ 'ਤੇ ਲੱਕ ਟੁੱਟ ਚੁੱਕਿਆ ਹੈ ਅਤੇ ਜੇਕਰ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਇਹਨਾਂ ਖੇਤੀਬਾੜੀ, ਡੇਅਰੀ ਅਤੇ ਪੋਲਟਰੀ ਖੇਤਰਾਂ ਉੱਪਰ ਲਾਗੂ ਹੁੰਦਾ ਹੈ ਤਾਂ ਫਿਰ ਪਹਿਲਾਂ ਹੀ ਆਤਮ ਹੱਤਿਆ ਦੇ ਰਸਤੇ ਉੱਪਰ ਤੁਰੀ ਕਿਸਾਨੀ ਬਿਲਕੁਲ ਖ਼ਤਮ ਹੋ ਜਾਵੇਗੀ | ਹਾਜਰ ਆਗੂਆਂ 'ਚ ਬਲਾਕ ਆਗੂ ਮਨਿੰਦਰ ਸਿੰਘ ਲਦਾਲ, ਜਸਵੰਤ ਸਿੰਘ ਛਾਹੜ ਬਲਾਕ ਪ੍ਰਧਾਨ ਦਿੜ੍ਹਬਾ, ਕਰਮਜੀਤ ਸਿੰਘ ਬਾਲਦ ਕਲਾਂ ਬਲਾਕ ਪ੍ਰਧਾਨ ਭਵਾਨੀਗੜ, ਗੁਰਦਿਆਲ ਸਿੰਘ ਗਦੜਿਆਣੀ, ਗੁਰਵਿੰਦਰ ਸਿੰਘ ਛਾਹੜ, ਸੰਦੀਪ ਸਿੰਘ ਛਾਹੜ, ਮਨਜੀਤ ਸਿੰਘ ਖਾਈ, ਗੁਰਦੀਪ ਸਿੰਘ ਜਲੂਰ, ਗੁਰਚਰਨ ਸਿੰਘ ਡਸਕਾ, ਕਿ੍ਸ਼ਨ ਸਿੰਘ ਨੰਗਲਾ, ਸੁਖਦੇਵ ਸਿੰਘ ਖੋਖਰ , ਜਤਿੰਦਰ ਸਿੰਘ ਮਹਿਲਾ, ਬਲਦੇਵ ਸਿੰਘ ਮਹਿਲਾ, ਰਘਬੀਰ ਸਿੰਘ ਸਲੇਮਗੜ੍ਹ, ਬਿੰਦਰ ਲਹਿਲ ਕਲਾਂ, ਜਗਤਾਰ ਸਿੰਘ ਤਾਰਾ, ਨਿਰਭੈ ਰੋੜੇਵਾਲਾ, ਅਜੈਬ ਸਿੰਘ ਲਦਾਲ, ਜੱਗਰ ਸਿੰਘ ਗਦੜਿਆਣੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਸ਼ਾਮਲ ਹਨ |