ਜਲੰਧਰ, 4 ਮਈ (ਐੱਮ. ਐੱਸ. ਲੋਹੀਆ) - ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਸਭਾ ਦੇ ਸੂਬਾਈ ਦਫ਼ਤਰ ਸ਼ਹੀਦ ਸਰਵਣ ਸਿੰਘ ਚੀਮਾ ਭਵਨ ਗੜ੍ਹਾ, ਜਲੰਧਰ ਵਿਖੇ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਪਿੱਛਲੇ ਸਮੇਂ 'ਚ ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਕੀਤੇ ਗਏ ਐਕਸ਼ਨਾਂ ਤੇ ਤਸੱਲੀ ਪ੍ਰਗਟ ਕਰਦਿਆਂ ਸਮੂਹ ਕਿਸਾਨਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਉਨ੍ਹਾਂ ਦੇ ਸੰਘਰਸ਼ ਨੇ ਕੇਂਦਰ ਤੇ ਸੂਬਾ ਸਰਕਾਰ ਦੇ ਕਿਸਾਨ ਤੇ ਲੋਕ ਵਿਰੋਧੀ ਫ਼ੈਸਲਿਆਂ ਨੂੰ ਲਾਗੂ ਹੋਣ ਤੋਂ ਰੋਕ ਕੇ ਰੱਖਿਆ ਹੈ | ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਆਉਣ ਵਾਲੇ ਦਿਨਾਂ 'ਚ ਝੋਨੇ ਦੀ ਬਿਜਾਈ ਲਈ ਬਿਜਲੀ, ਬੀਜ, ਤੇਲ, ਖਾਦ, ਦਵਾਈਆਂ ਆਦਿ ਦੀ ਕੋਈ ਥੋੜ੍ਹ ਨਾ ਆਵੇ ਇਸ ਦੇ ਪ੍ਰਬੰਧ ਲਈ ਸਰਕਾਰ ਤੋਂ ਮੰਗ ਕਰਦੀ ਹੈ, ਕਿ ਇਨ੍ਹਾਂ ਜ਼ਰੂਰੀ ਵਸਤਾਂ ਨੂੰ ਸਹਿਕਾਰੀ ਸੁਸਾਇਟੀਆਂ ਰਾਹੀਂ ਕਿਸਾਨਾਂ ਤੱਕ ਪਹੁੰਚਦੀ ਕਰੇ | ਸਭਾ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਬਾਡਰ ਏਰੀਏ ਦੇ ਕਿਸਾਨਾਂ ਨੂੰ ਜਿਨ੍ਹਾਂ ਦੀ ਜ਼ਮੀਨ ਤਾਰ ਤੋਂ ਪਿੱਛੇ ਹੈ ਦਾ ਮੁਆਵਜ਼ੇ ਦੇ ਤੌਰ 'ਤੇ ਜਾਰੀ ਕੀਤਾ 10,000/- ਹਜ਼ਾਰ ਰੁਪਏ ਏਕੜ ਦੇ ਪੈਸੇ ਤਰੁੰਤ ਵੰਡੇ ਜਾਣ ਅਤੇ ਅੱਗੇ ਤੋਂ 30,000/- ਰੁਪਏ ਪ੍ਰਤੀ ਏਕੜ ਦਾ ਐਲਾਨ ਕੀਤਾ ਜਾਵੇ | ਸੂਬਾ ਪ੍ਰੈੱਸ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਕਿਸਾਨਾਂ ਦੀ ਹਰ ਮੁਸ਼ਕਲ ਦੇ ਹੱਲ ਲਈ ਜਦੋਜਹਿਦ ਕਰਦੀ ਰਹੇਗੀ | ਮੀਟਿੰਗ 'ਚ ਰਘਵੀਰ ਸਿੰਘ ਬੈਨੀਪਾਲ, ਰਤਨ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਬੁਟਾਰੀ, ਮਨਜੀਤ ਸਿੰਘ ਬੱਗੂ, ਮਲਕੀਤ ਸਿੰਘ ਨਿਆਲ, ਹਰਜੀਤ ਸਿੰਘ ਕਾਹਲੋਂ, ਮਾਸਟਰ ਹਰਭਜਨ ਸਿੰਘ, ਮੇਜਰ ਸਿੰਘ ਖੁਰਲਾਪੁਰ, ਅਮਰੀਕ ਸਿੰਘ ਮਾਨਸਾ, ਵਰਿੰਦਰਜੀਤ ਸਿੰਘ ਪੁਰੀ, ਰੇਸ਼ਮ ਸਿੰਘ ਫੈਰੋਕੇ ਅਤੇ ਹੋਰ ਹਾਜ਼ਰ ਸਨ |
ਜਮਹੂਰੀ ਕਿਸਾਨ ਸਭਾ ਦੀ ਸੂਬਾ ਕਮੇਟੀ ਦੀ ਹੋਈ ਮੀਟਿੰਗ <br/>
ਅਜੀਤ ਡੈਸਕ
05-06-2026