ਚੰਡੀਗੜ੍ਹ, 9 ਜੂਨ (ਅਜੀਤ ਬਿਊਰੋ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੇਂਦਰੀ ਜਾਂਚ ਏਜੰਸੀਆਂ ਖਿਲਾਫ਼ ਕੀਤੀਆਂ ਜਾ ਰਹੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਦੇ ਮਿਹਨਤੀ ਵਪਾਰੀ ਕਿਸੇ ਦੇ ਬਹਿਕਾਵੇ ਵਿਚ ਆਉਣ ਵਾਲੇ ਨਹੀਂ ਹਨ ਅਤੇ ਸੱਚਾਈ ਨੂੰ ਭਲੀਭਾਂਤੀ ਸਮਝਦੇ ਹਨ | ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸਵਾਲ ਬਹੁਤ ਸਿੱਧਾ ਹੈ ਆਖਿਰ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਉੱਤੇ ਭਿ੍ਸ਼ਟਾਚਾਰ ਦੇ ਗੰਭੀਰ ਦੋਸ਼ ਕਿਉਂ ਲੱਗੇ ਹਨ? ਇਸ ਦਾ ਜਵਾਬ ਦੇਣ ਦੀ ਬਜਾਏ 'ਆਪ' ਆਗੂ ਲੋਕਾਂ ਦਾ ਧਿਆਨ ਭਟਕਾਉਣ ਲਈ ਕਾਨੂੰਨੀ ਕਾਰਵਾਈ ਨੂੰ ਰਾਜਨੀਤੀ ਅਤੇ ਧਰਮ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਆਪਣੇ ਭਿ੍ਸ਼ਟ ਆਗੂਆਂ ਨੂੰ ਬਚਾਉਣ ਲਈ ਸੰਵਿਧਾਨਕ ਸੰਸਥਾਵਾਂ ਤੇ ਜਾਂਚ ਏਜੰਸੀਆਂ ਨੂੰ ਬਦਨਾਮ ਕਰਨਾ ਲੋਕਤੰਤਰ ਲਈ ਠੀਕ ਨਹੀਂ ਹੈ | ਕੇਂਦਰੀ ਏਜੰਸੀਆਂ ਸਿਰਫ਼ ਕਾਨੂੰਨ ਅਨੁਸਾਰ ਆਪਣਾ ਫਰਜ਼ ਨਿਭਾ ਰਹੀਆਂ ਹਨ | ਜੇ ਕੋਈ ਬੇਕਸੂਰ ਹੈ ਤਾਂ ਉਸ ਨੂੰ ਡਰਨ ਦੀ ਕੋਈ ਲੋੜ ਨਹੀਂ, ਪਰ ਜੇ ਕਿਸੇ ਨੇ ਕਾਨੂੰਨ ਤੋੜਿਆ ਹੈ ਤਾਂ ਉਸ ਨੂੰ ਜਵਾਬ ਦੇਣਾ ਹੀ ਪਵੇਗਾ | ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ | ਭਿ੍ਸ਼ਟਾਚਾਰੀਆਂ ਨੂੰ ਕੋਈ ਬਚਾ ਨਹੀਂ ਸਕਦਾ | ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿਕਾਸ, ਉਦਯੋਗਿਕ ਤਰੱਕੀ ਅਤੇ ਹਰ ਵਪਾਰੀ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ |
ਭਿ੍ਸ਼ਟਾਚਾਰ ਦੇ ਮੁੱਦੇ ਤੋਂ ਧਿਆਨ ਭਟਕਾਉਣ ਲਈ ਰਾਜਨੀਤੀ ਦਾ ਸਹਾਰਾ ਲੈ ਰਹੀ 'ਆਪ'-ਕੇਵਲ ਸਿੰਘ ਢਿੱਲੋਂ <br/>
ਅਜੀਤ ਡੈਸਕ
10-06-2026