ਆਰ.ਪੀ. ਸ਼ਰਮਾ ਨੂੰ ਸੀਨੀਅਰ ਡਿਪਟੀ ਮੇਅਰ ਤੇ ਹਰਪਾਲ ਸਿੰਘ ਚੰਨਾ ਨੂੰ ਡਿਪਟੀ ਮੇਅਰ ਚੁਣਿਆ
ਐੱਸ. ਏ. ਐੱਸ. ਨਗਰ, 9 ਜੂਨ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਦੇ ਵਾਰਡ ਨੰ. 42 ਤੋਂ ਕੌਂਸਲਰ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਸਮਾਣਾ ਨੂੰ ਅੱਜ ਨਗਰ ਨਿਗਮ ਮੁਹਾਲੀ ਦੀ ਪਲੇਠੀ ਮੀਟਿੰਗ ਦੌਰਾਨ ਮੇਅਰ ਚੁਣ ਲਿਆ ਗਿਆ | ਇਸ ਦੇ ਨਾਲ ਹੀ ਵਾਰਡ. ਨੰ. 2 ਦੇ ਕੌਂਸਲਰ ਆਰ.ਪੀ. ਸ਼ਰਮਾ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਵਾ. ਨੰ. 36 ਦੇ ਕੌਂਸਲਰ ਹਰਪਾਲ ਸਿੰਘ ਚੰਨਾ ਨੂੰ ਡਿਪਟੀ ਮੇਅਰ ਚੁਣਿਆ ਗਿਆ | ਜ਼ਿਕਰਯੋਗ ਹੈ ਕਿ ਸਰਬਜੀਤ ਸਿੰਘ ਸਮਾਣਾ ਮੁਹਾਲੀ ਦੇ ਸਭ ਤੋਂ ਘੱਟ ਉਮਰ ਦੇ ਮੇਅਰ ਬਣ ਗਏ ਹਨ | ਉਹ ਤੀਜੀ ਵਾਰ ਨਗਰ ਨਿਗਮ ਦੀ ਚੋਣ ਜਿੱਤੇ ਹਨ | ਚੁਣੇ ਗਏ ਨੁਮਾਇੰਦਿਆਂ ਦੀ ਪਲੇਠੀ ਮੀਟਿੰਗ ਅੱਜ ਬਾਅਦ ਦੁਪਹਿਰ 3 ਵਜੇ ਅਬਜ਼ਰਵਰ ਤੇ ਰੂਪਨਗਰ ਡਵੀਜ਼ਨ ਦੇ ਕਮਿਸ਼ਨਰ ਮਨਵੇਸ਼ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ | 'ਆਪ' ਦੀ ਕੌਂਸਲਰ ਗੁਰਮੀਤ ਕੌਰ ਵਲੋਂ ਮੇਅਰ ਦੇ ਅਹੁਦੇ ਲਈ ਸਰਬਜੀਤ ਸਿੰਘ ਸਮਾਣਾ ਦਾ ਨਾਂਅ ਤਜਵੀਜ਼ ਕੀਤਾ ਗਿਆ, ਜਿਸ ਨੂੰ ਹਾਊਸ ਵਿਚ ਹਾਜ਼ਰ 38 ਕੌਂਸਲਰਾਂ 'ਚੋਂ 34 ਕੌਂਸਲਰਾਂ ਅਤੇ ਵਿਧਾਇਕ ਕੁਲਵੰਤ ਸਿੰਘ ਸਮੇਤ 35 ਮੈਂਬਰਾਂ ਵਲੋਂ ਹੱਥ ਖੜ੍ਹੇ ਕਰਕੇ ਸਹਿਮਤੀ ਦੇ ਦਿੱਤੀ ਗਈ, ਜਿਸ ਉਪਰੰਤ ਆਰ.ਪੀ. ਸ਼ਰਮਾ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਹਰਪਾਲ ਸਿੰਘ ਚੰਨਾ ਨੂੰ ਡਿਪਟੀ ਮੇਅਰ ਚੁਣਿਆ ਗਿਆ | ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਵਲੋਂ ਨਵੇਂ ਚੁਣੇ ਗਏ ਮੇਅਰ ਸਰਬਜੀਤ ਸਿੰਘ ਸਮਾਣਾ ਨੂੰ ਮੇਅਰ ਦੀ ਕੁਰਸੀ 'ਤੇ ਬਿਠਾਇਆ ਗਿਆ |
ਸਰਬਜੀਤ ਸਿੰਘ ਸਮਾਣਾ ਬਣੇ ਮੁਹਾਲੀ ਦੇ ਸਭ ਤੋਂ ਘੱਟ ਉਮਰ ਦੇ ਮੇਅਰ
ਅਜੀਤ ਡੈਸਕ
10-06-2026