ਸ੍ਰੀਨਗਰ, 10 ਜੂਨ (ਅਜੀਤ ਬਿਊਰੋ)-ਜੂਨ 1984 'ਚ ਭਾਰਤੀ ਫੌਜਾਂ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਇਤਹਾਸਕ ਗੁਰੂਧਾਮਾਂ 'ਤੇ ਹਮਲਾ ਕਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ, ਜਨਰਲ ਭਾਈ ਸ਼ੁਬੇਗ ਸਿੰਘ ਸਮੇਤ ਸ਼ਹੀਦ ਹੋਏ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦ ਵਿਚ 42ਵੀਂ ਵਰ੍ਹੇਗੰਢ ਦੇ ਸਬੰਧ ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਗੁਰਦੁਆਰਾ ਸ਼ਹੀਦ ਬੁੰਗਾ (ਕਸ਼ਮੀਰ) ਵਿਖ਼ੇ ਗੁਰਮਤਿ ਸਮਾਗਮ ਕਰਵਾਏ ਗਏ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਦਰਬਾਰ ਸਾਹਿਬ ਦੇ ਹਜੂਰੀ ਕੀਰਤਨੀਏ ਭਾਈ ਪ੍ਰਦੀਪ ਸਿੰਘ, ਬੀਬੀ ਜਸਪ੍ਰੀਤ ਕੌਰ ਪਟਿਆਲਾ ਵਾਲੇ, ਬੀਬੀ ਮਨਦੀਪ ਕੌਰ, ਭਾਈ ਕਾਰਜ ਸਿੰਘ ਆਦਿ ਰਾਗੀ ਜਥਿਆਂ ਨੇ ਕੀਰਤਨ ਕੀਤਾ | ਇਸ ਮੌਕੇ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਫੈਡਰੇਸ਼ਨ ਦੇ ਸਰਪ੍ਰਸਤ ਭਾਈ ਮੇਜਰ ਸਿੰਘ ਖਾਲਸਾ ਨੇ ਸੰਬੋਧਨ ਕੀਤਾ | ਭਾਈ ਖਾਲਸਾ ਨੇ ਜੰਮੂ ਕਸ਼ਮੀਰ ਫੈਡਰੇਸ਼ਨ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਅਤੇ ਜਨਰਲ ਸਕੱਤਰ ਭਾਈ ਰਾਜਪਾਲ ਸਿੰਘ ਤੇ ਉਨ੍ਹਾਂ ਦੀ ਸਾਰੀ ਟੀਮ ਨੂੰ ਸ਼ਹੀਦਾਂ ਦੀ ਯਾਦ ਸਬੰਧੀ ਗੁਰਮਤਿ ਸਮਾਗਮ ਕਰਵਾਉਣ ਲਈ ਗੁਰਜੀਤ ਸਿੰਘ ਕਿੰਗੀ ਪ੍ਰਧਾਨ ਜੀ.ਪੀ.ਸੀ. ਬਡਗ਼ਾਮ ਦਾ ਧੰਨਵਾਦ ਕੀਤਾ | ਇਸ ਮੌਕੇ ਸਮਾਗਮ ਵਿਚ ਭਾਈ ਅਮਰੀਕ ਸਿੰਘ ਖਾਲਸਾ ਲੁਧਿਆਣਾ, ਭਾਈ ਬਲਜੀਤ ਸਿੰਘ ਬੀਤਾ, ਜਸਪਾਲ ਸਿੰਘ ਇਸਲਾਮ ਗੰਜ, ਮਨਦੀਪ ਸਿੰਘ ਅੰਮਿ੍ਤਸਰ, ਭਾਈ ਕੁਲਦੀਪ ਸਿੰਘ ਸਾਬਕਾ ਪ੍ਰਧਾਨ ਜੀਪੀਸੀ ਬਡਗ਼ਾਮ, ਭਾਈ ਨਰਿੰਦਰ ਸਿੰਘ ਖਾਲਸਾ, ਬਿਕਰਮ ਸਿੰਘ ਸਰਪੰਚ, ਹਰਜੀਤ ਸਿੰਘ, ਬਲਦੇਵ ਸਿੰਘ ਪਿਕਸ, ਰਮਨਜੋਤ ਸਿੰਘ ਨਿਹੰਗ, ਸੰਦੀਪ ਸਿੰਘ ਆਦਿ ਹਾਜ਼ਰ ਸਨ | ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਭਾਈ ਰਾਜਪਾਲ ਸਿੰਘ ਨੇ ਬਾਖੂਬੀ ਨਿਭਾਈ |