01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਪੰਜਾਬ ਦੇ ਤਿੰਨੇ ਸਰਕਾਰੀ ਤਾਪ ਘਰਾਂ ਦੇ ਠੇਕਾ ਮੁਲਾਜ਼ਮਾਂ ਵਲੋਂ ਅੱਜ ਤੋਂ ਮੁਕੰਮਲ ਹੜਤਾਲ

ਅਜੀਤ ਡੈਸਕ 16-06-2026

ਪਾਵਰਕਾਮ ਦੀ ਮੈਨੇਜਮੈਂਟ ਨੂੰ ਕੰਮ ਠੱਪ ਹੋਣ ਕਾਰਨ ਬੱਤੀ ਗੁੱਲ ਹੋਣ ਦਾ ਡਰ ਸਤਾਉਣ ਲੱਗਾ
ਲਹਿਰਾ ਮੁਹੱਬਤ, 15 ਜੂਨ (ਸੁਖਪਾਲ ਸਿੰਘ ਸੁੱਖੀ)-ਪੰਜਾਬ ਦੇ 3 ਸਰਕਾਰੀ ਤਾਪ ਬਿਜਲੀ ਘਰਾਂ ਦੇ ਠੇਕਾ ਮੁਲਾਜ਼ਮਾਂ ਵਲੋਂ ਪਾਵਰਕਾਮ ਵਿਚ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਅੱਜ ਰਾਤ ਦੀ ਸ਼ਿਫ਼ਟ ਤੋਂ ਅਣਮਿੱਥੇ ਸਮੇਂ ਲਈ ਮੁਕੰਮਲ ਹੜਤਾਲ 'ਤੇ ਜਾਣ ਕਾਰਨ ਪਾਵਰ ਮੈਨੇਜਮੈਂਟ ਨੂੰ ਬੱਤੀ ਗੁੱਲ ਹੋਣ ਦਾ ਡਰ ਸਤਾਉਣ ਲੱਗਾ ਹੈ | ਮਿਲੀ ਜਾਣਕਾਰੀ ਅਨੁਸਾਰ ਅੱਜ ਪੂਰਾ ਦਿਨ ਮਸਲੇ ਨੂੰ ਸੁਲਝਾਉਣ ਲਈ ਅਧਿਕਾਰੀਆਂ ਦੀਆਂ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ, ਕਿਉਂਕਿ ਮੈਨੇਜਮੈਂਟ ਇਸ ਤੋਂ ਭਲੀਭਾਂਤ ਜਾਣੂ ਹੈ ਕਿ ਤਿੰਨੇ ਤਾਪ ਘਰਾਂ ਵਿਚ ਸਾਰੇ ਕੰਮ ਨੂੰ ਠੇਕਾ ਮੁਲਾਜ਼ਮ ਹੀ ਕਰਦੇ ਆ ਰਹੇ ਹਨ, ਜਿਸ ਕਰਕੇ ਸਾਰੇ ਯੂਨਿਟਾਂ ਨੂੰ ਕੋਲਾ ਸਪਲਾਈ ਠੱਪ ਹੋਣ ਸਮੇਤ ਕੰਪਲੇਂਟ ਤੇ ਅਪਰੇਸ਼ਨ ਸਟਾਫ਼ ਦੀ ਘਾਟ ਨਾਲ ਕਿਸੇ ਵੇਲੇ ਵੀ ਯੂਨਿਟ ਬੰਦ ਹੋ ਸਕਦੇ ਹਨ | ਦੂਜੇ ਪਾਸੇ ਗਰਮੀ ਤੇ ਪੈਡੀ ਸੀਜ਼ਨ ਕਾਰਨ ਅੱਜ ਦੀ ਬਿਜਲੀ ਦੀ ਮੰਗ 13000 ਮੈਗਾਵਾਟ ਤੋਂ ਵੱਧ ਨੂੰ ਪੂਰਾ ਕਰਨ ਲਈ ਲਗਭਗ 2400 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੋਣ ਦੇ ਆਸਾਰ ਹਨ | ਇਸ ਸਮੇਂ ਥਰਮਲਜ਼ ਕੋਆਰਡੀਨੇਸ਼ਨ ਕਮੇਟੀ ਦੇ ਕਨਵੀਨਰ ਆਰ.ਕੇ. ਤਿਵਾੜੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਤੇ ਚੇਅਰਮੈਨ ਪਾਵਰਕਾਮ ਮੀਟਿੰਗ ਦੌਰਾਨ ਕੀਤੇ ਵਾਅਦੇ ਅਨੁਸਾਰ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿਚ ਮਰਜ਼ ਕਰਨ ਦਾ ਹੱਲ ਕਰੇ, ਕਿਉਂਕਿ ਅਸੀਂ ਦਿੱਤੇ ਹੋਏ ਸਮੇਂ 15 ਜੂਨ ਤੱਕ ਉਡੀਕ ਕਰਨ ਤੋਂ ਬਾਅਦ ਅਗਲੇ ਸੰਘਰਸ਼ ਦਾ ਐਲਾਨ ਕੀਤਾ ਹੈ | ਹੁਣ ਆਊਟ ਸੋਰਡਸ ਠੇਕਾ ਮੁਲਾਜ਼ਮਾਂ ਨੂੰ ਵਿਭਾਗ 'ਚ ਮਰਜ਼ ਕਰਨ ਦੇ ਨਿਯੁਕਤੀ ਪੱਤਰ ਦਿਵਾ ਕੇ ਹੀ ਵਾਪਸ ਪਰਤਾਂਗੇ | ਉਨ੍ਹਾਂ ਕਿਹਾ ਕਿ ਬਠਿੰਡਾ ਦੇ ਸਰਕਾਰੀ ਖੇਤਰ ਦੇ ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਵਿਚ 1800 ਤੋਂ ਵੱਧ, ਗੁਰੂ ਗੋਬਿੰਦ ਸਿੰਘ ਸੁਪਰ ਤਾਪ ਬਿਜਲੀ ਘਰ ਰੋਪੜ 'ਚ ਕਰੀਬ 1500 ਤੇ ਗੁਰੂ ਅਮਰਦਾਸ ਤਾਪ ਬਿਜਲੀ ਘਰ ਗੋਇੰਦਵਾਲ 'ਚ 200 ਦੇ ਕਰੀਬ ਠੇਕਾ ਮੁਲਾਜ਼ਮ ਨਿਗੁਣੀਆਂ ਉਜ਼ਰਤਾਂ 'ਤੇ ਸੇਵਾਵਾਂ ਨਿਭਾਅ ਰਹੇ ਹਨ | ਜੋ ਆਪਣੇ ਹੱਕ ਲਈ ਹੜਤਾਲ ਕਰ ਰਹੇ ਹਨ | ਦੂਜੇ ਪਾਸੇ ਅਧਿਕਾਰੀਆਂ ਨੂੰ ਛੱਡ ਕੇ ਲਹਿਰਾ ਮੁਹੱਬਤ ਤਾਪ ਘਰ 'ਚ ਕਰੀਬ 250, ਰੋਪੜ 'ਚ 800 ਤੋਂ ਵੱਧ ਰੈਗੂਲਰ ਮੁਲਾਜ਼ਮ ਜੋ ਕੰਮ ਨੂੰ ਦੇਖਦਾ ਹੈ | ਬਾਕੀ ਸਾਰਾ ਕੰਮ ਠੇਕਾ ਮੁਲਾਜ਼ਮ ਚਲਾ ਰਹੇ ਹਨ | ਇਸ ਸੰਬੰਧੀ ਪਾਵਰਕਾਮ ਦੇ ਸੀ.ਐਮ.ਡੀ. ਬਸੰਤ ਗਰਗ ਨਾਲ ਫ਼ੋਨ ਰਾਹੀਂ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ |

ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਯੂ. ਪੀ. ਐਸ. ਸੀ.-2025 ਪਾਸ ਕਰਨ ਵਾਲੇ ਉਮੀਦਵਾਰਾਂ ਦਾ ਸਨਮਾਨ ਅਗਲੀ ਖ਼ਬਰ 200 ਲੀਟਰ ਡੀਜ਼ਲ ਮਾਮਲੇ ਵਿਚ ਕਈ ਪੈਟਰੋਲ ਪੰਪਾਂ ਖ਼ਿਲਾਫ਼ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।