ਬਠਿੰਡਾ, 17 ਜੂਨ (ਸੱਤਪਾਲ ਸਿੰਘ ਸਿਵੀਆਂ)- ਪਿਛਲੇ ਵਰ੍ਹੇ ਹੜ੍ਹਾਂ ਕਾਰਨ ਭਾਰੀ ਜਾਨੀ-ਮਾਲੀ ਨੁਕਸਾਨ ਝੱਲ ਚੁੱਕੇ ਪੰਜਾਬ ਦੇ ਸਿਰ ‘ਤੇ ਮੁੜ ਹੜ੍ਹਾਂ ਦਾ ਖ਼ਤਰਾ ਮੰਡਰਾਉਣ ਲੱਗਿਆ ਹੈ, ਕਿਉਂਕਿ ਸੂਬੇ ‘ਚ ਮਾਨਸੂਨ ਦੀ ਆਮਦ ਤੋਂ ਪਹਿਲਾਂ ਹੀ ਭਾਖੜਾ ਅਤੇ ਪੌਂਗ ਡੈਮਾਂ ਅੰਦਰ ਪਾਣੀ ਦਾ ਪੱਧਰ ਖ਼ਤਰੇ ਵਾਲੀ ਹੱਦ ਵੱਲ ਨੂੰ ਵੱਧ ਚੁੱਕਿਆ ਹੈ। ਇਸ ਦੇ ਚੱਲਦਿਆਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਵਲੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੂੰ ਵੱਧ ਤੋਂ ਵੱਧ ਪਾਣੀ ਵਰਤਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਮਾਨਸੂਨ ਦੌਰਾਨ ਆਉਣ ਵਾਲੇ ਵਾਧੂ ਪਾਣੀ ਲਈ ਥਾਂ ਬਣਾਈ ਜਾ ਸਕੇ। ਭਾਖੜਾ ਡੈਮ ਦਾ ਜਲ ਪੱਧਰ 1578 ਫੁੱਟ ਦੇ ਨੇੜੇ ਪਹੁੰਚ ਚੁੱਕਿਆ ਦੱਸਿਆ ਜਾ ਰਿਹਾ ਹੈ, ਜੋ ਪਿਛਲੇ ਸਾਲ ਦੇ 1554.84 ਫੁੱਟ ਪਾਣੀ ਦੇ ਪੱਧਰ ਦੇ ਮੁਕਾਬਲੇ ਲਗਭਗ 21 ਤੋਂ 22 ਫੁੱਟ ਅਤੇ ਆਮ �ਸਤ ਨਾਲੋਂ ਲਗਭਗ 30 ਫੁੱਟ ਉੱਚਾ ਦਰਜ ਕੀਤਾ ਗਿਆ ਹੈ, ਜਦਕਿ ਭਾਖੜਾ ਡੈਮ ਵਿਚ ਪਾਣੀ ਰੱਖਣ ਦੀ ਵੱਧ ਤੋਂ ਵੱਧ ਸਮਰੱਥਾ 1680 ਫੁੱਟ ਹੈ। ਇਸ ਸਥਿਤੀ ਨੂੰ ਦੇਖਦਿਆਂ ਅਤੇ ਝੋਨੇ ਦੇ ਸੀਜ਼ਨ ਕਾਰਨ ਬਿਜਲੀ ਅਤੇ ਸਿੰਚਾਈ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਭਾਖੜਾ ਡੈਮ ਦੀਆਂ ਟਰਬਾਈਨਾਂ ਰਾਹੀਂ ਹਾਲ ਹੀ ਵਿਚ ਭਾਖੜਾ ਤੋਂ 8000 ਕਿਊਸਿਕ ਪਾਣੀ ਛੱਡਣ ਦੀ ਸੂਚਨਾ ਹੈ। ਭਾਖੜਾ ਦੇ ਨਾਲ-ਨਾਲ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਲਗਭਗ 1,328.24 ਫੁੱਟ ਹੈ (ਜੋ ਪਿਛਲੇ ਸਾਲ ਨਾਲੋਂ ਕਰੀਬ 35 ਫੁੱਟ ਵੱਧ ਹੈ) ਅਤੇ ਰਣਜੀਤ ਸਾਗਰ ਡੈਮ ਵਿਚ ਪਾਣੀ ਦਾ ਪੱਧਰ ਲਗਭਗ 1,676.05 ਫੁੱਟ ਦਰਜ ਕੀਤਾ ਗਿਆ ਹੈ। ਬੋਰਡ ਨੂੰ ਚਿੰਤਾ ਹੈ ਕਿ ਜੇਕਰ ਹਿਮਾਚਲ ਅਤੇ ਉਪਰੀ ਕੈਚਮੈਂਟ ਖੇਤਰਾਂ ਵਿਚ ਭਾਰੀ ਮੀਂਹ ਪੈਂਦਾ ਹੈ ਤਾਂ ਡੈਮਾਂ ਵਿਚ ਪਾਣੀ ਦੀ ਆਮਦ ਅਚਾਨਕ ਵੱਧ ਸਕਦੀ ਹੈ। ਪਹਾੜਾਂ ਵਿਚ ਤੇਜ਼ ਗਰਮੀ ਕਾਰਨ ਬਰਫ਼ ਲਗਾਤਾਰ ਪਿਘਲ ਰਹੀ ਹੈ, ਜਿਸ ਨਾਲ ਡੈਮ ਦੀ ਗੋਬਿੰਦ ਸਾਗਰ ਝੀਲ ਵਿਚ ਪਾਣੀ ਦੀ ਆਮਦ ਲਗਾਤਾਰ ਜਾਰੀ ਹੈ। ਬੇਸ਼ੱਕ 225 ਮੀਟਰ ਦੀ ਉਚਾਈ ਵਾਲਾ ਭਾਖੜਾ ਡੈਮ ਭਾਰਤ ਦੇ ਸਭ ਤੋਂ ਮਜ਼ਬੂਤ ਅਤੇ ਸੁਰੱਖਿਅਤ ਕੰਕਰੀਟ ਗ੍ਰੈਵਿਟੀ ਡੈਮਾਂ ‘ਚੋਂ ਇਕ ਹੈ ਤੇ ਇਸ ਦਾ ਡਿਜ਼ਾਈਨ ਬਹੁਤ ਵੱਡੇ ਜਲ ਦਬਾਅ ਨੂੰ ਸਹਿਣ ਦੇ ਯੋਗ ਹੈ, ਜਿਸ ਲਈ ਇਸ ਦੇ ਟੁੱਟਣ ਦੀ ਸੰਭਾਵਨਾ ਬਹੁਤ ਘੱਟ ਮੰਨੀ ਜਾਂਦੀ ਹੈ ਪਰ ਅਸਲ ਖ਼ਤਰਾ ਡੈਮ ਟੁੱਟਣ ਨਾਲੋਂ ਵਧ ਵਾਧੂ ਪਾਣੀ ਛੱਡਣ ਦਾ ਹੁੰਦਾ ਹੈ। ਬੋਰਡ ਦਾ ਦਾਅਵਾ ਹੈ ਕਿ ਭਾਖੜਾ ਡੈਮ ਸੁਰੱਖਿਅਤ ਹੈ ਅਤੇ ਸਥਿਤੀ ਕੰਟਰੋਲ ਹੇਠ ਹੈ, ਪਰ ਫੇਰ ਵੀ ਜਲ ਪੱਧਰ ਆਮ ਨਾਲੋਂ ਕਾਫ਼ੀ ਉੱਚਾ ਹੋਣ ਕਾਰਨ ਮਾਨਸੂਨ ਦੇ ਪਹਿਲੇ ਵੱਡੇ ਦੌਰ ਤੋਂ ਪਹਿਲਾਂ ਚੌਕਸੀ ਵਧਾ ਦਿੱਤੀ ਗਈ ਹੈ।