15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਪੰਜਾਬ ਪੁਲਿਸ ਨੇ ਸਾਈਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤੇ ਜਾਮ ਕੀਤੇ 540 ਕਰੋੜ ਰੁਪਏ ਦੀ ਧੋਖਾਧੜੀ ਦਾ ਪਤਾ ਲਗਾਇਆ

ਅਜੀਤ ਡੈਸਕ 27-06-2026
ਚੰਡੀਗੜ੍ਹ, 26 ਜੂਨ (ਅਜੀਤ ਬਿਊਰੋ) - ਨਾਗਰਿਕਾਂ ਦੇ ਹਰ ਪੈਸੇ ਦਾ ਹਿਸਾਬ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਸਾਈਬਰ ਧੋਖਾਧੜੀ ਤੋਂ ਬਚਾਉਣ ਦੀ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਪੰਜਾਬ ਪੁਲਿਸ ਦੇ ਰਾਜ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਸਾਈਬਰ ਅਪਰਾਧੀਆਂ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਹੈ। ਸਮੇਂ ਸਿਰ ਸ਼ੱਕੀ ਬੈਂਕ ਖਾਤਿਆਂ ਨੂੰ ਫ਼ਰੀਜ ਕਰਨ ਨਾਲ ਸਾਈਬਰ ਠੱਗਾਂ ਨੂੰ ਪੈਸਾ ਕੱਢਣ ਤੋਂ ਰੋਕਿਆ ਗਿਆ ਹੈ ਅਤੇ ਪੀੜਤਾਂ ਦੀ ਰਕਮ ਵਾਪਸ ਮਿਲਣ ਦੀ ਸੰਭਾਵਨਾ ਵੀ ਵਧੀ ਹੈ। ਪਿਛਲੇ ਇਕ ਸਾਲ ਵਿਚ ਪੰਜਾਬ ਪੁਲਿਸ ਨੇ ਸਾਈਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤੇ ਫ੍ਰੀਜ਼ ਕੀਤੇ ਹਨ, ਜਿਨ੍ਹਾਂ ਵਿਚ ਲਗਭਗ 540.34 ਕਰੋੜ ਰੁਪਏ ਦੇ ਲੈਣ-ਦੇਣ ਸ਼ਾਮਿਲ ਸਨ। 2024 ਤੋਂ ਹੁਣ ਤੱਕ ਕਰੀਬ 64 ਕਰੋੜ ਰੁਪਏ ਦੀ ਰਕਮ ਪੀੜਤਾਂ ਨੂੰ ਵਾਪਸ ਕੀਤੀ ਗਈ ਹੈ, ਜਿਸ ਵਿਚ ਲਗਭਗ 38.42 ਕਰੋੜ ਰੁਪਏ 1 ਜਨਵਰੀ 2025 ਤੋਂ ਬਾਅਦ ਰਿਕਵਰ ਹੋਏ ਹਨ। ਇਸੇ ਸਮੇਂ ਦੌਰਾਨ ਰਾਜ ਵਿਚ 62,253 ਸਾਈਬਰ ਅਪਰਾਧ ਦੇ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ ਵਿੱਤੀ ਸਾਲ ਵਿਚ ਧੋਖਾਧੜੀ ਨਾਲ ਜੁੜੀ ਰਕਮ ਨੂੰ ਫ਼ਰੀਜ ਕਰਨ ਦੀ ਦਰ 16.13 ਫ਼ੀਸਦੀ ਤੋਂ ਵਧ ਕੇ 23.43 ਫ਼ੀਸਦੀ ਹੋ ਗਈ, ਜੋ ਵਿੱਤੀ ਰਿਕਵਰੀ ਵਿਚ ਮਹੱਤਵਪੂਰਨ ਸੁਧਾਰ ਨੂੰ ਦਰਸਾਉਂਦਾ ਹੈ। ਡੀ.ਜੀ.ਪੀ ਗੌਰਵ ਯਾਦਵ ਨੇ ਕਿਹਾ, ਸਾਈਬਰ ਧੋਖਾਧੜੀ ਗਰੋਹਾਂ ਖ਼ਿਲਾਫ਼ ਵੱਡੀ ਕਾਰਵਾਈ ਨਾਲ ਨਾ ਸਿਰਫ਼ ਹਜ਼ਾਰਾਂ ਬੈਂਕ ਖਾਤੇ ਫ਼ਰੀਜ ਹੋਏ ਹਨ ਅਤੇ ਧੋਖਾਧੜੀ ਦੀ ਰਕਮ ਵਾਪਸ ਮਿਲੀ ਹੈ, ਸਗੋਂ ਦੇਸ਼ ਭਰ ਵਿਚ ਸਰਗਰਮ ਸੰਗਠਿਤ ਸਾਈਬਰ ਅਪਰਾਧ ਨੈੱਟਵਰਕ ਦਾ ਵੀ ਪਰਦਾਫਾਸ਼ ਹੋਇਆ ਹੈ। ਜ਼ਿਲ੍ਹਿਆਂ ਵਿਚ ਜਲੰਧਰ ਕਮਿਸ਼ਨਰੇਟ ਵਿਚ ਸਭ ਤੋਂ ਵੱਧ 16,032 ਬੈਂਕ ਖਾਤੇ ਫ਼ਰੀਜ ਕੀਤੇ ਗਏ, ਜਿਸ ਨਾਲ 6,81,00,323 ਰੁਪਏ ਦੀ ਰਿਕਵਰੀ ਹੋਈ। ਇਸ ਤੋਂ ਬਾਅਦ ਕਪੂਰਥਲਾ ਵਿਚ 7,344 ਖਾਤੇ ਫ਼ਰੀਜ ਹੋਏ ਅਤੇ 2,56,00,037 ਰੁਪਏ ਦੀ ਰਿਕਵਰੀ ਹੋਈ। ਹੁਸ਼ਿਆਰਪੁਰ ਵਿਚ 7,201 ਖਾਤੇ ਫ਼ਰੀਜ ਕਰਕੇ 3,96,29,152 ਰੁਪਏ ਦੀ ਰਿਕਵਰੀ ਕੀਤੀ ਗਈ, ਜਦਕਿ ਫ਼ਿਰੋਜ਼ਪੁਰ ਵਿਚ 6,930 ਖਾਤੇ ਫ਼ਰੀਜ ਅਤੇ 93,16,954 ਰੁਪਏ ਦੀ ਰਿਕਵਰੀ, ਤਰਨਤਾਰਨ ਵਿਚ 5,229 ਖਾਤੇ ਫ਼ਰੀਜ ਤੇ 6,97,65,710 ਰੁਪਏ ਦੀ ਰਿਕਵਰੀ, ਜਲੰਧਰ ਦਿਹਾਤੀ ਵਿਚ 4,475 ਖਾਤੇ ਫ਼ਰੀਜ ਕਰਕੇ 55,94,632 ਰੁਪਏ ਦੀ ਰਿਕਵਰੀ, ਸੰਗਰੂਰ ਵਿਚ 1,760 ਅਤੇ ਫ਼ਤਹਿਗੜ੍ਹ ਸਾਹਿਬ ਵਿਚ 2,685 ਬੈਂਕ ਖਾਤੇ ਫ਼ਰੀਜ ਕੀਤੇ ਗਏ। ਇਕ ਵੱਡੀ ਸਫਲਤਾ ਵਿਚ ਕੈਨੇਡਾ ਵਿਚ ਰਹਿੰਦੇ ਇਕ ਪੰਜਾਬੀ ਨਾਗਰਿਕ ਨਾਲ ਜੁੜੇ ਸਾਈਬਰ ਧੋਖਾਧੜੀ ਮਾਮਲੇ ਦਾ ਪਰਦਾਫਾਸ਼ ਕੀਤਾ ਗਿਆ, ਜਿਸ ਵਿਚ ਸੋਸ਼ਲ ਮੀਡੀਆ ਰਾਹੀਂ ਬਲੈਕਮੇਲਿੰਗ ਕੀਤੀ ਗਈ ਸੀ। ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 3,49,100 ਰੁਪਏ ਦੇ ਨਾਲ 500 ਅਮਰੀਕੀ ਡਾਲਰ ਬਰਾਮਦ ਕੀਤੇ। ਪੁਲਿਸ ਨੇ 29 ਮੋਬਾਈਲ ਫੋਨ, ਇਕ ਲੈਪਟਾਪ, ਇਕ ਡੋਂਗਲ, ਇਕ ਟੈਬਲੈਟ ਅਤੇ 38 ਖਾਲੀ ਮੋਬਾਈਲ ਬਾਕਸ ਵੀ ਜ਼ਬਤ ਕੀਤੇ। ਸਾਈਬਰ ਧੋਖਾਧੜੀ ਤੋਂ ਬਚਾਅ ਅਤੇ ਲੋਕਾਂ ਵਿਚ ਜਾਗਰੂਕਤਾ ਵਧਾਉਣ ਲਈ ਪੰਜਾਬ ਪੁਲਿਸ ਨੇ ਰਾਜ ਭਰ ਵਿਚ ਵਿਆਪਕ ਅਭਿਆਨ ਚਲਾਇਆ ਹੈ। ਇਸ ਦੌਰਾਨ ਰਾਜ ਸਾਈਬਰ ਕ੍ਰਾਈਮ ਡਿਵੀਜ਼ਨ ਨੇ 129 ਜਾਗਰੂਕਤਾ ਪ੍ਰੋਗਰਾਮ ਕਰਵਾਏ ਹਨ। ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਾਈਬਰ ਕ੍ਰਾਈਮ) ਵੀ. ਨੀਰਜਾ ਨੇ ਕਿਹਾ ਕਿ ਪੁਲਿਸ ਨਾ ਸਿਰਫ਼ ਸਾਈਬਰ ਠੱਗਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ, ਸਗੋਂ ਲੋਕਾਂ ਨੂੰ ਵੀ ਜਾਗਰੂਕ ਕਰ ਰਹੀ ਹੈ ਤਾਂ ਜੋ ਉਹ ਆਨਲਾਈਨ ਠੱਗੀ ਤੋਂ ਬਚ ਸਕਣ।
ਪਿਛਲੀ ਖ਼ਬਰ ਹੁੰਮਸ ਤੇ ਝੋਨੇ ਕਾਰਨ ਬਿਜਲੀ ਦੀ ਮੰਗ 16403 ਮੈਗਾਵਾਟ ’ਤੇ ਪੁੱਜੀ ਪਾਵਰਕਾਮ ਨੇ ਬਾਹਰੀ ਸਰੋਤਾਂ ਤੋਂ 10939.18 ਮੈਗਾ... ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਕਾਦੀਆਂ ਦਾ ਜਥੇਬੰਦਕ ਢਾਂਚਾ ਭੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।