04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਲੱਖਾਂ ਔਰਤਾਂ ਦੇ ਬੈਂਕ ਖਾਤਿਆਂ ’ਚ 1000-1500 ਰੁਪਏ ਦੀ ਹੋਵੇਗੀ ‘ਟੂੰ-ਟੂੰ’

ਅਜੀਤ ਡੈਸਕ 01-07-2026

ਸਰਕਾਰ ਨੇ 9300 ਕਰੋੜ ਦਾ ਕੀਤਾ ਵਿਸ਼ੇਸ਼ ਪ੍ਰਬੰਧ
ਸੱਤਪਾਲ ਸਿੰਘ ਸਿਵੀਆਂ

ਬਠਿੰਡਾ, 30 ਜੂਨ:-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵਲੋਂ ਰਾਜ ਦੀਆਂ ਔਰਤਾਂ ਨੂੰ ਆਰਥਿਕ ਤੌਰ ’ਤੇ ਆਤਮ-ਨਿਰਭਰ ਬਣਾਉਣ ਅਤੇ ਉਨ੍ਹਾਂ ਦੇ ਮਾਣ-ਸਨਮਾਨ ਨੂੰ ਬਹਾਲ ਕਰਨ ਲਈ ਵਿੱਢੀ ਗਈ ਸਭ ਤੋਂ ਵੱਡੀ ਮੁਹਿੰਮ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਅੱਜ ਆਪਣੀ ਇਕ ਹੋਰ ਮਹੱਤਵਪੂਰਨ ਗ੍ਰੰਟੀ ਪੂਰੀ ਕੀਤੀ ਜਾ ਰਹੀ ਹੈ। ਇਸ ਸਕੀਮ ਨੂੰ ਪੰਜਾਬ ’ਚ ਮਾਵਾਂ-ਧੀਆਂ ਦੇ ਸਤਿਕਾਰ ਲਈ ਮਾਨ ਸਰਕਾਰ ਦੀ ਇਤਿਹਾਸਕ ਪਹਿਲ ਅਤੇ ‘ਔਰਤਾਂ ਲਈ ਸਭ ਤੋਂ ਵੱਡੀ ਵਿੱਤੀ ਕ੍ਰਾਂਤੀ’ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੁਹਿੰਮ ਦੇ ਪਹਿਲੇ ਪੜਾਅ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਤੇ ਮੁੱਖ ਮੰਤਰੀ ਦੇ ਜਨਤਕ ਐਲਾਨਨਾਮੇ ਅਨੁਸਾਰ ਅੱਜ 1 ਜੁਲਾਈ ਤੋਂ ਪੰਜਾਬ ਦੀਆਂ ਲੱਖਾਂ ਪਾਤਰ ਔਰਤਾਂ ਦੇ ਬੈਂਕ ਖਾਤਿਆਂ ਵਿਚ ‘ਟੂੰ-ਟੂੰ’ ਹੋਣ ਜਾ ਰਹੀ ਹੈ, ਭਾਵ ਰਜਿਸਟਰਡ ਔਰਤਾਂ ਦੇ ਬੈਂਕ ਖਾਤਿਆਂ ਵਿਚ ਸਿੱਧੀ ਵਿੱਤੀ ਸਹਾਇਤਾ (ਡੀ.ਬੀ.ਟੀ.) ਰਾਹੀਂ ਰਾਸ਼ੀ ਟਰਾਂਸਫ਼ਰ ਹੋਵੇਗੀ । ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਾਂਝੀ ਕੀਤੀ ਗਈ ਅਧਿਕਾਰਤ ਜਾਣਕਾਰੀ ਅਨੁਸਾਰ ਪੰਜਾਬ ਭਰ ਵਿਚ ਇਸ ਸਕੀਮ ਤਹਿਤ ਕੁਲ 52 ਲੱਖ ਔਰਤਾਂ ਨੂੰ ਲਾਭ ਦੇਣ ਦਾ ਟੀਚਾ ਮਿਥਿਆ ਗਿਆ ਹੈ, ਜਿਨ੍ਹਾਂ ਵਿਚੋਂ ਹੁਣ ਤੱਕ 36 ਲੱਖ ਤੋਂ ਵੱਧ ਪਾਤਰ ਔਰਤਾਂ ਦੇ ਫਾਰਮ ਪ੍ਰਵਾਨ ਕੀਤੇ ਜਾ ਚੁੱਕੇ ਹਨ ਤੇ ਬਾਕੀ ਰਹਿੰਦੀਆਂ ਔਰਤਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਵੀ ਪੂਰੇ ਪੰਜਾਬ ਵਿਚ ਬਣੇ ਆਂਗਣਵਾੜੀ ਸੈਂਟਰਾਂ, ਸੇਵਾ ਕੇਂਦਰਾਂ ਅਤੇ ਨਾਮਜ਼ਦ ਥਾਵਾਂ ‘ਤੇ ਤੇਜ਼ੀ ਨਾਲ ਚੱਲ ਰਹੀ ਹੈ । ਇਸ ਯੋਜਨਾ ਲਈ ਪੰਜਾਬ ਸਰਕਾਰ ਨੇ ਬਜਟ ਸਾਲ 2026-27 ਵਿਚ 9300 ਕਰੋੜ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੈ, ਜਿਸ ਅਨੁਸਾਰ 18 ਸਾਲ ਦੀ ਉਮਰ ਤੋਂ ਵੱਧ ਆਮ ਅਤੇ ਓ.ਬੀ.ਸੀ. ਵਰਗ ਦੀਆਂ ਔਰਤਾਂ ਨੂੰ 1000 ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀ ਵਰਗ ਦੀਆਂ ਔਰਤਾਂ ਨੂੰ 1500 ਪ੍ਰਤੀ ਮਹੀਨਾ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ ਅਤੇ ਇਸ ਸਕੀਮ ਤਹਿਤ ਅੱਜ 1 ਜੁਲਾਈ ਨੂੰ ਮਿਲਣ ਵਾਲੀ ਪਹਿਲੀ ਕਿਸ਼ਤ ਵਿਚ ਸੂਬਾ ਸਰਕਾਰ ਵਲੋਂ ਅਪ੍ਰੈਲ ਤੋਂ ਜੂਨ ਮਹੀਨੇ ਤੱਕ ਦਾ ਪਿਛਲਾ ਬਕਾਇਆ ਵੀ ਸ਼ਾਮਿਲ ਕਰਕੇ ਦਿੱਤਾ ਜਾਵੇਗਾ, ਭਾਵ ਔਰਤਾਂ ਨੂੰ ਤਿੰਨ-ਤਿੰਨ ਮਹੀਨਿਆਂ ਦੇ ਇਕੱਠੇ ਪੈਸੇ ਪਾਏ ਜਾਣਗੇ। ਪੰਜਾਬ ਦੇ ਬਜਟ 2026-27 ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅਧਿਕਾਰਤ ਤੌਰ ’ਤੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਐਲਾਨ ਕੀਤਾ ਸੀ, ਜਦਕਿ 14 ਅਪ੍ਰੈਲ 2026 ਨੂੰ ਅੰਬੇਡਕਰ ਜਯੰਤੀ ਵਾਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਯੋਜਨਾ ਨੂੰ ਅਧਿਕਾਰਤ ਤੌਰ ’ਤੇ ਜਾਰੀ ਕੀਤਾ ਅਤੇ ਫਾਰਮ ਭਰਨੇ ਸ਼ੁਰੂ ਕਰਵਾਏ ਸਨ ।
ਐਸ.ਸੀ. ਜਾਤੀ ਸਰਟੀਫਿਕੇਟ ਬਣਾਉਣ ਲਈ ਲੱਗੀ ਭੀੜ, ਸਾਈਟਾਂ ’ਤੇ ਵਧਿਆ ਭਾਰ
‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਲਾਭ ਲੈਣ ਲਈ ਅਨੁਸੂਚਿਤ ਜਾਤੀ ਵਰਗ ਦੀਆਂ ਔਰਤਾਂ ਲਈ ਜਾਤੀ ਸਰਟੀਫਿਕੇਟ ਲਾਜ਼ਮੀ ਕੀਤਾ ਹੈ, ਜਿਸ ਲਈ ਪਿਛਲੇ ਕਈ ਦਿਨਾਂ ਤੋਂ ਇਸ ਵਰਗ ਦੀਆਂ ਔਰਤਾਂ ਦੀ ਸੇਵਾ ਕੇਂਦਰਾਂ ’ਤੇ ਭੀੜ ਲੱਗੀ ਹੋਈ ਹੈ। ਇਸ ਕਾਰਨ ਸੇਵਾ ਕੇਂਦਰਾਂ ਦੇ ਸਰਵਰ ਵਗ਼ੈਰਾ ’ਤੇ ਲਗਾਤਾਰ ਭਾਰ ਵਧਿਆ ਹੋਇਆ ਹੈ। ਇਸ ਤੋਂ ਇਲਾਵਾ ਸਕੀਮ ਦਾ ਲਾਭ ਲੈਣ ਲਈ ਦਸਤੀ ਤੋਂ ਬਾਅਦ ਭਰੇ ਜਾਣ ਵਾਲੇ ਫਾਰਮਾਂ ਨੂੰ ਆਨਲਾਈਨ ਕਰਨ ਵਿਚ ਵੀ ਔਰਤਾਂ ਨੂੰ ਲੰਬੀ ਉਡੀਕ ਕਰਨੀ ਪੈ ਰਹੀ ਹੈ, ਕਿਉਂਕਿ ਆਨਲਾਈਨ ਵਾਲੀ ਸਬੰਧਿਤ ਸਾਈਟ ‘ਤੇ ਲਗਾਤਾਰ ਭਾਰ ਵਧ ਰਿਹਾ ਹੈ, ਜਿਸ ਕਾਰਨ ਸਾਈਟ ਘੰਟਿਆਂ ਬੱਧੀ ਵਿਅਸਤ ਰਹਿੰਦੀ ਹੈ, ਪਰ ਅੱਜ 1 ਜੁਲਾਈ ਨੂੰ ਪੈਸੇ ਆਉਣ ਦੀ ਕਾਹਲ ਵਿਚ ਔਰਤਾਂ ਇਸ ਦੇਰੀ ਨੂੰ ਲੈ ਕੇ ਕਾਫੀ ਚਿੰਤਤ ਹਨ ।

ਪਿਛਲੀ ਖ਼ਬਰ ਕਿਸਾਨ ਵਲੋਂ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਅਗਲੀ ਖ਼ਬਰ ਵਿਦੇਸ਼ ’ਚ ਪੱਟੀ ਦੇ ਨੌਜਵਾਨ ਦੀ ਝੀਲ ਵਿਚ ਡੁੱਬਣ ਨਾਲ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।