13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਸਰਹੱਦ ਪਾਰ ਤੋਂ ਪੁੱਜੀ 50 ਕਰੋੜ ਦੀ ਹੈਰੋਇਨ ਦੀ ਖੇਪ ਬਰਾਮਦ 2 ਲੱਖ ਦੀ ‘ਡਰਗ ਮਨੀ’ ਸਮੇਤ 2 ਤਸਕਰ ਕਾਬੂ, 2 ਹੋਰ ਨਾਮਜ਼ਦ

ਅਜੀਤ ਡੈਸਕ 11-07-2026
ਅੰਮ੍ਰਿਤਸਰ, 10 ਜੁਲਾਈ (ਰੇਸ਼ਮ ਸਿੰਘ)-ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇਕ ਨਾਬਾਲਗ ਸਮੇਤ 2 ਤਸਕਰਾਂ ਨੂੰ 8.378 ਕਿੱਲੋਗ੍ਰਾਮ ਹੈਰੋਇਨ ਅਤੇ 2 ਲੱਖ ਰੁਪਏ ਦੀ ਡਰੱਗ ਮਨੀ ਸਣੇ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਬਰਾਮਦ ਹੋਈ ਹੈਰੋਇਨ ਦੀ ਕੀਮਤ ਕੌਮਾਂਤਰੀ ਮੰਡੀ ‘ਚ 50 ਕਰੋੜ ਦੇ ਕਰੀਬ ਦੱਸੀ ਗਈ ਹੈ। ਪੁਲਿਸ ਲਾਈਨ ਵਿਖੇ ਕਰਵਾਏ ਪੱਤਰਕਾਰ ਸੰਮੇਲਨ ‘ਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ ਕਿ ਗ੍ਰਿਫ਼ਤਾਰ ਕੀਤੇ ਇਕ ਮੁਲਜ਼ਮ ਦੀ ਪਛਾਣ ਲਵਪ੍ਰੀਤ ਸਿੰਘ ਉਰਫ਼ ਲਵ (28), ਵਾਸੀ ਪਿੰਡ ਖਾਸਾ ਅੰਮ੍ਰਿਤਸਰ ਵਜੋਂ ਹੋਈ ਹੈ, ਜਦਕਿ ਦੂਜਾ ਮੁਲਜ਼ਮ ਨਾਬਾਲਗ ਹੋਣ ਕਾਰਨ ਉਸ ਦੀ ਸ਼ਨਾਖਤ ਜ਼ਾਹਿਰ ਨਹੀਂ ਕੀਤੀ ਜਾ ਰਹੀ। ਮੁੱਢਲੀ ਜਾਂਚ ਅਨੁਸਾਰ ਉਕਤ ਦੋਵੇਂ ਮੁਲਜ਼ਮ ਸਰਹੱਦ ਪਾਰ ਦੇ ਤਸਕਰ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਸਨ ਅਤੇ ਵੱਖ-ਵੱਖ ਥਾਵਾਂ ਤੋਂ ਹੈਰੋਇਨ ਦੀਆਂ ਖੇਪਾਂ ਹਾਸਲ ਕਰਕੇ ਇਨ੍ਹਾਂ ਨੂੰ ਅੱਗੇ ਸੂਬੇ ਭਰ ਵਿਚ ਸਪਲਾਈ ਕਰਦੇ ਸਨ। ਪੁਲਿਸ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਪੁਖਤਾ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਮੁਲਜ਼ਮ ਲਵਪ੍ਰੀਤ ਉਰਫ਼ ਲਵ ਨੂੰ ਉਸ ਦੇ ਨਾਬਾਲਗ ਸਾਥੀ ਸਮੇਤ ਸ਼ੁਰੂ ਵਿਚ 2 ਕਿੱਲੋ ਹੈਰੋਇਨ ਸਣੇ ਕਾਬੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨਾਬਾਲਗ ਮੁਲਜ਼ਮ ਦੇ ਖੁਲਾਸਿਆਂ ਦੇ ਆਧਾਰ ‘ਤੇ ਪੁਲਿਸ ਟੀਮਾਂ ਨੇ ਹੋਰ 3.01 ਕਿੱਲੋਗ੍ਰਾਮ ਹੈਰੋਇਨ ਅਤੇ 2 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ, ਜਿਸ ਨਾਲ ਇਸ ਮਾਮਲੇ ਵਿਚ ਕੁੱਲ ਬਰਾਮਦਗੀ 5.01 ਕਿੱਲੋਗ੍ਰਾਮ ਹੋ ਗਈ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਰਹੱਦ ਪਾਰ ਤੋਂ ਇਕ ਹੋਰ ਤਸਕਰ ਤਸਕਰੀ ਗਰੋਹ ਚਲਾ ਰਿਹਾ ਸੀ, ਜਿਸ ਉਪਰੰਤ ਜਾਂਚ ਦੌਰਾਨ ਮਿਲੀ ਜਾਣਕਾਰੀ ‘ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਟੀਚਾਗਤ ਕਾਰਵਾਈ ਵਿਚ ਇਕ ਨਿਸ਼ਚਿਤ ਸਥਾਨ ਤੋਂ 3.368 ਕਿੱਲੋ ਹੋਰ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਕ ਵੱਖਰੇ ਮਾਮਲੇ ਵਿਚ ਦੋ ਹੋਰ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨਾਮਜ਼ਦ ਵੀ ਕੀਤਾ ਗਿਆ ਹੈ, ਜਿਨ੍ਹਾਂ ਦੇ ਨਾਂਅ ਗ੍ਰਿਫ਼ਤਾਰੀ ਉਪਰੰਤ ਨਸ਼ਰ ਕੀਤੇ ਜਾਣਗੇ। ਇਸ ਮੌਕੇ ਡੀ.ਸੀ.ਪੀ. ਰਵਿੰਦਰਪਾਲ ਸਿੰਘ ਸੰਧੂ, ਏ.ਡੀ.ਸੀ.ਪੀ. ਵਿਸ਼ਾਲਜੀਤ ਸਿੰਘ, ਏ.ਡੀ.ਸੀ.ਪੀ. ਸ੍ਰੀਰੀਵਨੇਲਾ, ਏ.ਸੀ.ਪੀ. ਕਮਲਜੀਤ ਸਿੰਘ, ਐੱਸ.ਐੱਚ.ਓ ਛੇਹਰਟਾ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਈ ਘੰਟੇ ਚਲੇ ਰੇੜਕੇ ਤੋਂ ਬਾਅਦ ਅਬੋਹਰ ਨਗਰ ਨਿਗਮ ਮੇਅਰ ਦੀ ਚੋਣ ਮੁਲਤਵੀ ‘ਆਪ’ ਦੇ ਗਣੇਸ਼ ਸਬਲਾਨੀਆਂ ਨੂੰ ਐਲਾਨਿਆ ਸੀ ਮੇ... ਅਗਲੀ ਖ਼ਬਰ ਇੰਸ. ਡਾ. ਸ਼ਕੁੰਤ ਚੌਧਰੀ ਨੇ ਨੈਸ਼ਨਲ ਚੈਂਪੀਅਨਸ਼ਿਪ ’ਚ 2 ਸੋਨ ਤਗਮੇ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।