ਚੰਡੀਗੜ੍ਹ, 18 ਜੁਲਾਈ (ਅਜੀਤ ਬਿਊਰੋ)-ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਵਿੱਢੀ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ 16 ਦਿਨਾਂ ਦੀ ਸੂਬਾ ਪੱਧਰੀ ਖ਼ੁਫ਼ੀਆ ਜਾਣਕਾਰੀ ਆਧਾਰਤ ਇਨਫੋਰਸਮੈਂਟ ਮੁਹਿੰਮ ‘ਆਪਰੇਸ਼ਨ ਪ੍ਰਹਾਰ-3.0’ ਚਲਾਈ ਹੈ, ਜਿਸ ਦੌਰਾਨ ਸੰਗਠਿਤ ਅਪਰਾਧ ਅਤੇ ਡਰੱਗ-ਗੈਂਗਸਟਰ ਗੱਠਜੋੜ ਨੂੰ ਵੱਡੇ ਪੱਧਰ ’ਤੇ ਠੱਲ ਪਾਈ ਗਈ। ਇਸ ਆਪਰੇਸ਼ਨ ਦੌਰਾਨ ਪੁਲਿਸ ਟੀਮਾਂ ਨੇ ਸੂਬੇ ਦੇ ਸਾਰੀਆਂ ਪੁਲਿਸ ਰੇਂਜਾਂ ਅਤੇ ਕਮਿਸ਼ਨਰੇਟਾਂ ਵਿਚ ਗੈਂਗਸਟਰਾਂ, ਉਨ੍ਹਾਂ ਦੇ ਸਾਥੀਆਂ, ਨਸ਼ਾ ਤਸਕਰਾਂ ਅਤੇ ਲੋੜੀਂਦੇ ਅਪਰਾਧੀਆਂ ਨਾਲ ਜੁੜੇ 5,448 ਸਥਾਨਾਂ ’ਤੇ ਛਾਪੇਮਾਰੀ ਕੀਤੀ।ਇਸ ਸੰਬੰਧੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ‘ਆਪਰੇਸ਼ਨ ਪ੍ਰਹਾਰ-3.0’ ਦੌਰਾਨ ਪੰਜਾਬ ਪੁਲਿਸ ਨੇ 10,401 ਕਰਮਚਾਰੀ ਤਾਇਨਾਤ ਕੀਤੇ ਅਤੇ ਸੂਬੇ ਭਰ ਵਿਚ 5,448 ਛਾਪੇ ਮਾਰੇ। ਕੁੱਲ 958 ਐਫ.ਆਈ.ਆਰ. ਦਰਜ ਕੀਤੀਆਂ ਗਈਆਂ, 1,520 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਗਈ ਅਤੇ 262 ਵਾਹਨ ਜ਼ਬਤ ਕੀਤੇ ਗਏ।ਸੰਗਠਿਤ ਅਪਰਾਧਾਂ ਵਿਰੁੱਧ ਪੰਜਾਬ ਪੁਲਿਸ ਦੇ ਦ੍ਰਿੜ੍ਹ ਸੰਕਲਪ ਨੂੰ ਦੁਹਰਾਉਂਦਿਆਂ ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ‘ਗੈਂਗਸਟਰਾਂ ’ਤੇ ਵਾਰ’ ਇਕ ਨਿਰੰਤਰ ਮੁਹਿੰਮ ਹੈ, ਜੋ ਪੂਰੀ ਤਾਕਤ ਨਾਲ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਪੰਜਾਬ ਵਿਚੋਂ ਗੈਂਗਸਟਰਾਂ ਦਾ ਪੂਰੀ ਤਰ੍ਹਾਂ ਸਫ਼ਾਇਆ ਨਹੀਂ ਕਰ ਦਿੱਤਾ ਜਾਂਦਾ।