08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਅੰਮ੍ਰਿਤਸਰ ’ਚ ਸਰਹੱਦ ਪਾਰ ਤੋਂ ਪੁੱਜੀ 45 ਕਰੋੜ ਦੀ ਹੈਰੋਇਨ ਤੇ ਹਥਿਆਰਾਂ ਸਮੇਤ 4 ਤਸਕਰ ਗ੍ਰਿਫ਼ਤਾਰ

ਅਜੀਤ ਡੈਸਕ 19-07-2026
ਅੰਮ੍ਰਿਤਸਰ, 18 ਜੁਲਾਈ (ਰੇਸ਼ਮ ਸਿੰਘ)-ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਚਾਰ ਤਸਕਰਾਂ ਨੂੰ 5.557 ਕਿੱਲੋਗ੍ਰਾਮ ਹੈਰੋਇਨ ਅਤੇ ਦੋ ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਚੱਲ ਰਹੇ ਨਸ਼ੀਲੇ ਪਦਾਰਥ ਅਤੇ ਗ਼ੈਰ-ਕਾਨੂੰਨੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਬਰਾਮਦ ਹੋਈ ਹੈਰੋਇਨ ਦੀ ਕੀਮਤ ਕੌਮਾਂਤਾਰੀ ਮੰਡੀ ‘ਚ 45 ਕਰੋੜ ਰੁਪਏ ਤੋਂ ਵੀ ਵਧੇਰੇ ਦੱਸੀ ਗਈ ਹੈ। ਇਥੇ ਕਰਵਾਏ ਪੱਤਰਕਾਰ ਸੰਮੇਲਨ ’ਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਕਾਸ਼ ਸੰਧੂ (30) ਵਾਸੀ ਰਾਮਬਾਗ, ਸੁਨੀਲ ਸਰੋਜ (40), ਵਾਸੀ ਖਾਈ ਮੁਹੱਲਾ, ਹਰਵਿੰਦਰ ਸਿੰਘ ਉਰਫ਼ ਚਮਕੌਰ (32) ਅਤੇ ਵੰਸ਼ ਸਿੰਘ (40) ਦੋਵੇਂ ਵਾਸੀ ਪਿੰਡ ਛਿੱਡਣ ਅੰਮ੍ਰਿਤਸਰ ਵਜੋਂ ਹੋਈ ਹੈ। ਇਨ੍ਹਾਂ ‘ਚੋਂ ਅਕਾਸ਼ ਸੰਧੂ, ਸੁਨੀਲ ਸਰੋਜ ਅਤੇ ਹਰਵਿੰਦਰ ਉਰਫ਼ ਚਮਕੌਰ ਆਦਤਨ ਅਪਰਾਧੀ ਹਨ, ਜਿਨ੍ਹਾਂ ਵਿਰੁੱਧ ਪਹਿਲਾਂ ਹੀ ਨਸ਼ੀਲੇ ਪਦਾਰਥਾਂ ਤੇ ਹਥਿਆਰ ਐਕਟ ਤਹਿਤ ਕੇਸ ਦਰਜ ਹਨ। ਇਨ੍ਹਾਂ ਪਾਸੋਂ ਬਰਾਮਦ ਕੀਤੇ ਗਏ ਪਿਸਤੌਲਾਂ ਵਿਚ ਇਕ 9 ਐਮ.ਐਮ. ਗਲੌਕ ਅਤੇ ਇਕ .30 ਬੋਰ ਪਿਸਤੌਲ ਸ਼ਾਮਿਲ ਹਨ। ਪੁਲਿਸ ਟੀਮ ਨੇ ਉਨ੍ਹਾਂ ਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ। ਪੁਲਿਸ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਵਿਦੇਸ਼ੀ ਤਸਕਰਾਂ ਦੇ ਸੰਪਰਕ ਵਿਚ ਸਨ ਅਤੇ ਖੇਤਰ ਵਿਚ ਅਪਰਾਧਿਕ ਤੱਤਾਂ ਨੂੰ ਸਪਲਾਈ ਕਰਨ ਲਈ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਪ੍ਰਾਪਤ ਕਰਦੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਵਿਚ ਸ਼ਾਮਿਲ ਸਾਰੇ ਸਾਥੀਆਂ ਦੀ ਪਛਾਣ ਕਰਨ ਲਈ ਅਗਲੇ-ਪਿਛਲੇ ਸੰਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ। ਪੁਲਿਸ ਟੀਮਾਂ ਨੇ ਪਹਿਲਾਂ ਦੋਸ਼ੀ ਆਕਾਸ਼ ਸੰਧੂ ਨੂੰ 192 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ, ਜਦੋਂਕਿ ਉਸ ਦੇ ਖੁਲਾਸੇ ਦੇ ਆਧਾਰ ‘ਤੇ ਹੋਰ 776 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਜਾਂਚ ਦੌਰਾਨ ਦੋਸ਼ੀ ਆਕਾਸ਼ ਸੰਧੂ ਨੇ ਖ਼ੁਲਾਸਾ ਕੀਤਾ ਕਿ ਉਸ ਨੇ ਇਹ ਹੈਰੋਇਨ ਦੋਸ਼ੀ ਸੁਨੀਲ ਸਰੋਜ ਤੋਂ ਪ੍ਰਾਪਤ ਕੀਤੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਜਾਣਕਾਰੀ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਦੋਸ਼ੀ ਸੁਨੀਲ ਸਰੋਜ ਨੂੰ 4.589 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ। ਪੁਲਿਸ ਟੀਮਾਂ ਨੇ ਦੋ ਹੋਰ ਮੁਲਜ਼ਮਾਂ ਹਰਵਿੰਦਰ ਸਿੰਘ ਉਰਫ਼ ਚਮਕੌਰ ਅਤੇ ਵੰਸ਼ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਆਧੁਨਿਕ ਪਿਸਤੌਲ ਬਰਾਮਦ ਕੀਤੇ। ਹਰਵਿੰਦਰ ਉਰਫ਼ ਚਮਕੌਰ ਅਤੇ ਵੰਸ਼ ਸਿੰਘ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਥਿਤ ਇਕੋ ਪਿੰਡ ਦੇ ਵਸਨੀਕ ਹਨ, ਜੋ ਸਰਹੱਦ ਪਾਰੋਂ ਨਾਰਕੋ ਅਤੇ ਹਥਿਆਰ ਤਸਕਰੀ ਸੰਬੰਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਿਚ ਉਨ੍ਹਾਂ ਦੀ ਰਣਨੀਤਕ ਭੂਮਿਕਾ ਨੂੰ ਦਰਸਾਉਂਦਾ ਹੈ। ਇਸ ਸੰਬੰਧੀ ਦੋ ਪਰਚੇ ਥਾਣਾ ਇਸਲਾਮਾਬਾਦ ਤੇ ਛੇਹਰਟਾ ਵਿਖੇ ਦਰਜ ਕੀਤੇ ਗਏ ਹਨ। ਇਸ ਮੌਕੇ ਡੀ.ਸੀ.ਪੀ. ਰਵਿੰਦਰਪਾਲ ਸਿੰਘ, ਏ.ਡੀ.ਸੀ.ਪੀ. ਜਗਬਿੰਦਰ ਸਿੰਘ ਤੇ ਇੰਸਪੈਕਟਰ ਅਮੋਲਕਦੀਪ ਸਿੰਘ ਇੰਚਾਰਜ਼ ਸੀ.ਆਈ.ਏ. ਵੀ ਹਾਜ਼ਰ ਸਨ।
ਪਿਛਲੀ ਖ਼ਬਰ ਮਜੀਠੀਆ ਮਾਮਲੇ ਦੀ ਸੁਣਵਾਈ 29 ਜੁਲਾਈ ਤੱਕ ਮੁਲਤਵੀ ਅਗਲੀ ਖ਼ਬਰ ਕੇਂਦਰ ਨੂੰ 18 ਸਾਲਾਂ ਬਾਅਦ ਯੋਜਨਾ ਨੂੰ ਬਦਲਣ ਦੀ ਥਾਂ ਮਨਰੇਗਾ ਕਰਮਚਾਰੀਆਂ ਨੂੰ ਰੈਗੂਲਰ ਕਰਨਾ ਚਾਹੀਦਾ ਸੀ-ਸੌਂਦ ਕੇਂਦਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।