ਚੰਡੀਗੜ੍ਹ, 18 ਜੁਲਾਈ (ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਵੱਖ-ਵੱਖ ਜ਼ਿਲ੍ਹਿਆਂ ਵਿਚਲੇ 68 ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਸਕੂਲ ਮੁਖੀਆਂ ਨੂੰ ਪੰਜਾਬ ਸਿਵਲ ਸੇਵਾਵਾਂ (ਸਜ਼ਾ ਤੇ ਅਪੀਲ) ਨਿਯਮਾਂਵਲੀ 1970 ਦੇ ਰੂਲ 10 ਤਹਿਤ ਕਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਵਿਭਾਗ ਨੇ ਦੋਸ਼ ਲਾਇਆ ਕਿ ਸੂਬੇ ਦੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਨੇ ਅਧਿਆਪਕਾਂ ਅਤੇ ਗੈਰ-ਅਧਿਆਪਨ ਕੰਮ ਕਰਨ ਵਾਲੇ ਮੁਲਾਜ਼ਮਾਂ ਦੀਆਂ ਮਹੀਨਾ ਮਾਰਚ 2026 ਦੀਆਂ ਤਨਖ਼ਾਹਾਂ ਦੇ ਬਿੱਲ ਸੰਬੰਧਿਤ ਖ਼ਜ਼ਾਨਾ ਦਫ਼ਤਰਾਂ ਵਿਚ ਸਮੇਂ ਸਿਰ ਜਮ੍ਹਾਂ ਨਹੀਂ ਕਰਾਏ।ਸਕੂਲ ਸਿੱਖਿਆ ਵਿਭਾਗ ਪੰਜਾਬ ਦੀ ਸਕੱਤਰ ਸੋਨਾਲੀ ਗਿਰੀ ਦੇ ਨਾਂਅ ਹੇਠ ਜਾਰੀ ਪੱਤਰ ਵਿਚ ਕਿਹਾ ਗਿਆ ਕਿ ਸਕੂਲ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਨੇ ਸਰਕਾਰੀ ਡਿਊਟੀ ਪ੍ਰਤੀ ਲਾਪਰਵਾਹ ਅਤੇ ਗੈਰ-ਜ਼ਿੰਮੇਵਾਰ ਅਧਿਕਾਰੀ ਹੋਣ ਦਾ ਸਬੂਤ ਦਿੱਤਾ, ਕਿਉਂਕਿ ਸਕੂਲ ਮੁਖੀਆਂ ਵਲੋਂ ਮਾਰਚ ਮਹੀਨੇ ਦੀ ਤਨਖ਼ਾਹ ਦੇ ਬਿੱਲ ਸਮੇਂ ਸਿਰ ਜਮ੍ਹਾਂ ਨਾ ਕਰਾਉਣ ਕਾਰਨ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਨੂੰ ਅਪ੍ਰੈਲ ਮਹੀਨੇ ਦੀ ਤਨਖ਼ਾਹ ਸਮੇਂ ਸਿਰ ਪ੍ਰਾਪਤ ਨਹੀਂ ਹੋਈ। ਇਸ ਲਈ ਤਨਖ਼ਾਹਾਂ ਦੀ ਵੰਡ ਵਿਚ ਹੋਈ ਦੇਰੀ ਦੇ ਮਾਮਲੇ ਨੂੰ ਪੰਜਾਬ ਸਰਕਾਰ ਵਲੋਂ ਬਹੁਤ ਗੰਭੀਰਤਾ ਨਾਲ ਲਿਆ ਗਿਆ। ਵਿਭਾਗ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸ.ਸ.ਸ.ਸ.) ਜੇਠੂਵਾਲ, ਸੇਹਨਾ, ਜਲੂਰ, ਕਾਲੇਕੇ, ਸੰਧੂ ਪੱਤੀ, ਸੰਗਤ, ਗਹਿਰੀ ਬੁੱਟਰ, ਆਲੀਕੇ, ਕੁੱਤੀਵਾਲ ਕਲਾਂ, ਜੀਵਨ ਸਿੰਘ ਵਾਲਾ, ਕੋਰੇਆਣਾ,ਫਿਲੌਰ, ਮਰਦਾਂਪੁਰ, ਸੰਦੌੜ, ਕਾਲਾ ਨੰਗਲ,ਭੰਡਾਲ, ਕਲੇਰ ਕਲਾਂ, ਰਿਆਲੀ ਕਲਾਂ,ਸ਼ਾਹਪੁਰ ਗੋਰਾਇਆ,ਆਜ਼ਮ ਵਾਲਾ, ਕਮਾਲ ਵਾਲਾ, ਨੰਗਲ ਮੋਗਾ, ਕਮਲ ਕੇ, ਫ਼ਤਿਹਗੜ੍ਹ ਪੰਜਤੂਰ, ਸੁਖਾਨੰਦ, ਮਕੜੌਨਾਂ ਕਲਾਂ, ਕਾਨਪੁਰ ਖੂਹੀ, ਕੱਚਾ ਪੱਕਾ, ਅਹਿਰਾਣਾ ਕਲਾਂ, ਤੇਲੀ ਚੱਕ, ਮੁੰਡੀਆਂ ਕਲਾਂ, ਜਟਾਣਾ, ਬੀਜਾ, ਦੋਰਾਹਾ, ਦਦਾਹੂਰ, ਪੱਖੋਵਾਲ, ਰਛੀਂ ਭੈਣੀ ਡੇਰਾ, ਜਗਰਾਉਂ ਅਤੇ ਸਰਕਾਰੀ ਹਾਈ ਸਕੂਲ (ਸਹਸ) ਮਾਲੋਵਾਲ,ਲਾਲੇਆਣਾ, ਜਲਭੇ, ਭਿਖੋਵਾਲੀ, ਫੈਜ਼ੂਉੱਲਾ ਚੱਕ, ਦਾਲਮ, ਭੋਲ ਬਾਘੇ, ਮੜੀ ਪਵਾਂ, ਸੇਖ, ਪਹੂਵਿੰਡ, ਦੁਲ੍ਹਾ ਕੋਹਨਾ, ਸ਼ੇਰਪੁਰ ਗਿਦੜਪੁਰ, ਰਜ਼ਾਪੁਰ, ਮਹਿਮਦਵਾਲ, ਚਹੇੜੂ, ਖਨੌੜਾ ਕੈਂਪ, ਕਟਾਣੀ ਕਲਾਂ ਦੇ ਸਕੂਲ ਮੁਖੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਨੋਟਿਸ ਵਿਚ ਕਿਹਾ ਗਿਆ ਹੈ ਕਿ ਸੰਬੰਧਤ ਪ੍ਰਿੰਸਪੀਲ ਅਤੇ ਮੁੱਖ ਅਧਿਆਪਕ ਨੋਟਿਸ ਜਾਰੀ ਹੋਣ ਦੇ 7 ਦਿਨਾਂ ਦੇ ਅੰਦਰ ਅੰਦਰ ਲਿਖਤੀ ਜਵਾਬ ਦੇਣ।