ਖਰੜ (ਮੋਹਾਲੀ), 31 ਜੁਲਾਈ (ਗੁਰਮੁੱਖ ਸਿੰਘ ਮਾਨ)- ‘ਹਰ ਬੂਥ ਕਾਂਗਰਸ ਮਜ਼ਬੂਤ’ ਮਿਸ਼ਨ ਤਹਿਤ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਵਲੋਂ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਕਿ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਮੁੱਚਾ ਪੰਜਾਬ ਕਾਂਗਰਸ ਪਾਰਟੀ ਵੱਲ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਪਿਛਲੇ ਮਹੀਨੇ ਪੰਜਾਬ ਦੇ ਦੌਰੇ ‘ਤੇ ਆਏ ਸਨ ਅਤੇ ਸਮੁੱਚੀ ਲੀਡਰਸ਼ਿਪ ਨਾਲ ਮੀਟਿੰਗਾਂ ਕੀਤੀਆਂ ਸਨ, ਉਦੋਂ ਵੀ ਉਨ੍ਹਾਂ ਵਲੋਂ ਕਿਹਾ ਗਿਆ ਸੀ ਕਿ ਚੋਣਾਂ ਨੇੜੇ ਹਨ ਅਤੇ ਅੱਜ ਵੀ ਉਹ ਸਮੁੱਚੇ ਆਗੂਆਂ ਤੇ ਵਰਕਰਾਂ ਨੂੰ ਅੱਜ ਤੋਂ ਹੀ ਚੋਣਾਂ ਦੀ ਤਿਆਰੀ ‘ਚ ਜੁੱਟਣ ਦਾ ਸੱਦਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੁਹਾਲੀ ਵਿਚਲੀਆਂ ਤਿੰਨ ਵਿਧਾਨ ਸਭਾ ਸੀਟਾਂ ਜਿੱਤ ਕੇ ਰਾਹੁਲ ਗਾਂਧੀ ਦੀ ਝੋਲੀ ਵਿਚ ਪਾਈਆਂ ਜਾਣਗੀਆਂ। ਕਾਂਗਰਸ ਪਾਰਟੀ ਵਲੋਂ ਜੋ ਪੋਲਿੰਗ ਬੂਥ ‘ਤੇ ਬੀ. ਐਲ. ਏ. ਤਾਇਨਾਤ ਹਨ, ਉਹ ਹੀ ਪਾਰਟੀ ਲਈ ਲੜਾਈ ਲੜਦੇ ਹਨ ਅਤੇ ਜਦੋਂ ਕਾਂਗਰਸ ਜਿੱਤੇਗੀ ਤਾਂ ਇਹ ਜਿੱਤ ਤੁਹਾਡੀ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇਕੱਠੇ ਹੋ ਕੇ ਲੜਾਈ ਲੜੇਗਾ ਤਾਂ ਸਾਨੂੰ ਕੋਈ ਹਰਾ ਨਹੀਂ ਸਕੇਗਾ।