ਇਜਲਾਸ ਦੌਰਾਨ ‘ਆਪ’ ਦੇ ਕਿਸੇ ਵਿਧਾਇਕ ਨੇ ਬੇਅਦਬੀ ਸੋਧ ਬਿੱਲ ਤੇ ਮੁੱਖ ਮੰਤਰੀ ਬਾਰੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਬਾਰੇ ਇਕ ਸ਼ਬਦ ਨਹੀਂ ਬੋਲਿਆ-ਗਨੀਵ ਕੌਰ ਮਜੀਠੀਆ
ਚੰਡੀਗੜ੍ਹ, 5 ਅਗਸਤ (ਵਿਕਰਮਜੀਤ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਨੇ ਅੱਜ ਸਦਨ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਸਦਨ ਵਿਚ ਇਹ ਗੱਲ ਰੱਖੀ ਗਈ ਸੀ ਕਿ ਪਿਛਲੇ ਦਿਨੀ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਸਾਰੇ ਵਿਧਾਇਕਾਂ ਵਲੋਂ ਨਤਮਸਤਕ ਹੋ ਕੇ ਇਸ ਗੱਲ ਦੀ ਸਹਿਮਤੀ ਉਤੇ ਜੈਕਾਰੇ ਛੱਡੇ ਗਏ ਸਨ ਕਿ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਲੈ ਕੇ ਬਣਾਏ ਬੇਅਦਬੀ ਰੋਕੂ ਐਕਟ ਵਿਚ ਕੁਝ ਸੋਧਾਂ ਕੀਤੀਆਂ ਜਾਣੀਆਂ ਹਨ, ਜੋ ਕਿ ਸਭ ਨੂੰ ਪ੍ਰਵਾਨ ਹੈ ਪਰ ਵਿਧਾਨ ਸਭਾ ਦਾ ਇਜਲਾਸ ਤਿੰਨ ਦਿਨ ਤੋਂ ਜਾਰੀ ਹੈ ਪਰ ਮੇਰੇ ਦਿਲ ਨੂੰ ਬੇਹਦ ਡੂੰਘੀ ਪੀੜਾ ਹੋਈ ਕਿ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਿਧਾਇਕ ਨੇ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਲਈ ਬਣਾਏ ਸੋਧ ਬਿੱਲ ਬਾਰੇ ਇਕ ਸ਼ਬਦ ਬੋਲਿਆ ਅਤੇ ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦਿੱਤੇ ਹੁਕਮਨਾਮੇ ਉਤੇ ਅਮਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਬੀਤੇ ਦਿਨੀਂ ਇਹ ਕਹਿ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਧੀ ਚੁਣੌਤੀ ਦਿੱਤੀ ਗਈ ਕਿ ਅਸੀਂ ਇਥੇ ਹਾਜ਼ਰ ਸੰਗਤ ਦੀਆਂ ਭਾਵਨਾਵਾਂ ਨਾਲ ਕੰਮ ਕਰ ਰਹੇ ਹਾਂ ਪਰ ਵਿਧਾਨ ਸਭਾ ਸਦਨ ਦੇ ਅੰਦਰ ਸਿਆਸੀ ਲੋਕ ਅਤੇ ਵਿਧਾਇਕ ਬੈਠਦੇ ਹਨ, ਜਦਕਿ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਚ ਆਪਣੇ ਗੁਰੂ ਦੀ ਹਾਜ਼ਰੀ ਵਿਚ ਬੈਠਦੀ ਹੈ, ਉਸ ਨੂੰ ਹੀ ਸੰਗਤ ਮੰਨਿਆ ਜਾਂਦਾ ਹੈ ਨਾ ਕਿ ਸਿਆਸੀ ਇਕੱਠ ਨੂੰ।